ਤਰੁਣ ਚੁੱਘ ਦਾ ਵੱਡਾ ਬਿਆਨ, ਕਿਹਾ-ਬਦਲਾਖੋਰੀ ਦੀ ਨੀਤੀ ਤਹਿਤ ਕੰਮ ਕਰ ਰਹੀ ‘ਆਪ’ ਸਰਕਾਰ
Tuesday, Aug 02, 2022 - 06:28 PM (IST)
ਚੰਡੀਗੜ੍ਹ (ਬਿਊਰੋ) : ਭਾਜਪਾ ਨੇਤਾ ਤਰੁਣ ਚੁੱਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਦਲਾਖੋਰੀ ਨੂੰ ਸਾਹਮਣੇ ਰੱਖ ਕੇ ਸਰਕਾਰ ਕੰਮ ਕਰੇਗੀ ਤਾਂ ਦੋਸ਼ਪੂਰਨ ਹੋਵੇਗਾ ਤੇ ਇਸ ਨਾਲ ਸੱਚ ਸਾਹਮਣੇ ਨਹੀਂ ਅਾਏਗਾ। ਉਨ੍ਹਾਂ ਕਿਹਾ ਕਿ ਕੋਈ 70 ਸਾਲ, 50 ਸਾਲ ਤੇ 40 ਸਾਲ ਪਹਿਲਾਂ ਪਾਕਿਸਤਾਨ ’ਚੋਂ ਉੱਜੜ ਕੇ ਆਇਆ, ਉਹ ਜ਼ਮੀਨ ਵਾਹ ਰਿਹਾ ਹੈ ਜਾਂ ਉਸ ’ਤੇ ਕੋਈ ਸਰਾਂ ਬਣੀ ਹੈ। ਉਸ ਨੂੰ ਅੱਜ ਕਿਹਾ ਜਾ ਰਿਹਾ ਹੈ ਕਿ ਉਹ ਉਸ ਨੂੰ ਖਾਲੀ ਕਰੇ। ਚੁੱਘ ਨੇ ਕਿਹਾ ਕਿ ਇਹ ਕਾਰਵਾਈ ਕਰਦਿਆਂ ਕਾਨੂੰਨ ਦੀ ਪਾਲਣਾ ਤੇ ਨਿਆਂ ਨੂੰ ਅੱਗੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੋਕ ਕਹਿ ਰਹੇ ਹਨ ਕਿ ਮਾਨ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਂ ਦਾ ਮੁੱਖ ਮੰਤਰੀ, ਕਿਹਾ-ਕੇਜਰੀਵਾਲ ਚਲਾ ਰਿਹੈ ਸਰਕਾਰ
ਚੁੱਘ ਨੇ ਪੰਜਾਬ ’ਚ ਆਏ ਹੜ੍ਹਾਂ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਬਹੁਤ ਦਰਦਨਾਕ ਦ੍ਰਿਸ਼ ਸਾਹਮਣੇ ਆ ਰਹੇ ਹਨ, ਰਾਵੀ ਦਰਿਆ ਨੇੜਲੇ ਸਰਹੱਦੀ ਪਿੰਡਾਂ ’ਚ ਬਹੁਤ ਤਬਾਹੀ ਹੋ ਰਹੀ ਹੈ। ਮੁੱਖ ਮੰਤਰੀ ਮਾਨ ਨੂੰ ਚਾਹੀਦਾ ਸੀ ਕਿ ਬਰਸਾਤ ਆਉਣ ਤੋਂ ਪਹਿਲਾਂ ਪ੍ਰਬੰਧਾਂ ਨੂੰ ਲੈ ਕੇ ਕਦਮ ਚੁੱਕਦੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ’ਤੇ ਤੰਜ਼ ਕੱਸਦੇ ਸਨ ਕਿ ਇਹ ਕਿਸੇ ਪੀੜਤ ਦੀ ਬਾਂਹ ਨਹੀਂ ਫੜੀ ਤੇ ਹਵਾ ’ਚ ਹੀ ਦੌਰਾ ਕਰਕੇ ਚਲੇ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਤਾਂ ਹੁਣ ਤਕ ਹਵਾਈ ਦੌਰਾ ਵੀ ਨਹੀਂ ਕੀਤਾ। ਪਹਿਲਾਂ ਸੁੰਡੀ ਦੀ ਮਾਰ ਨਾਲ ਫ਼ਸਲਾਂ ਬਰਬਾਦ ਹੋਈਆਂ ਤੇ ਹੁਣ ਹੜ੍ਹ ਫ਼ਸਲਾਂ, ਘਰ ਤੇ ਆਰਥਿਕਤਾ ਬਰਬਾਦ ਕਰ ਰਹੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਰਹੱਸਮਈ ਚੁੱਪੀ ’ਚ ਸੁੱਤੀ ਪਈ ਹੈ ਤੇ ਜੇ ਇਹ ਨਾ ਜਾਗੀ ਤਾਂ ਪੰਜਾਬ ਵਾਸੀਆਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ