ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨਾਲ ਖਿਲਵਾੜ ਨਿੰਦਣਯੋਗ : ਚੁੱਘ

Wednesday, Jul 24, 2019 - 02:14 PM (IST)

ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨਾਲ ਖਿਲਵਾੜ ਨਿੰਦਣਯੋਗ : ਚੁੱਘ

ਅੰਮ੍ਰਿਤਸਰ (ਕਮਲ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਆਰ. ਟੀ. ਆਈ. ਰਾਹੀਂ ਹੋਏ ਖੁਲਾਸੇ 'ਚ 2018-19 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਰਿਜ਼ਲਟ ਨੂੰ ਵਧੀਆ ਬਣਾਉਣ ਲਈ ਸਮਰੱਥ ਬੱਚਿਆਂ ਨੂੰ ਪਾਸ ਕਰਨ ਅਤੇ ਆਪਣੀ ਝੂਠੀ ਉਸਤਤ ਲੁੱਟਣ ਦੀਆਂ ਕੋਸ਼ਿਸ਼ਾਂ ਨੂੰ ਗੰਭੀਰ ਦੋਸ਼ ਦੱਸਦਿਆਂ ਇਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਚੁੱਘ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਦੇ ਕਾਰਜਕਾਲ 'ਚ ਹੋਈ ਇਸ ਗੜਬੜੀ ਤੋਂ ਮੰਤਰੀ ਸਾਹਿਬ ਅਣਜਾਣ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸਾਲ 2018 'ਚ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ 46.29 ਪਾਸ ਹੋਏ ਸਨ, ਜਿਨ੍ਹਾਂ ਨੂੰ ਵਧਾ ਕੇ 62.10 ਫ਼ੀਸਦੀ ਕੀਤਾ ਗਿਆ ਅਤੇ 2019 'ਚ 76.49 ਫ਼ੀਸਦੀ ਪਾਸ ਹੋਏ, ਜਿਨ੍ਹਾਂ ਨੂੰ ਵਧਾ 85.56 ਕਰ ਦਿੱਤਾ ਗਿਆ। ਉਸ ਸਮੇਂ ਦੇ ਮੰਤਰੀ ਨੇ ਆਪਣਾ ਸਿਆਸੀ ਕੱਦ ਅਤੇ ਮਲਾਈਦਾਰ ਮੰਤਰਾਲਾ ਬਚਾਉਣ ਲਈ ਮਾਡਰੇਸ਼ਨ ਪਾਲਿਸੀ ਅਧੀਨ ਪੰਜਾਬ ਦੇ ਬੱਚਿਆਂ ਦੇ ਉੱਜਲ ਭਵਿੱਖ ਨੂੰ ਦਾਅ 'ਤੇ ਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਜਦੋਂ 2019 'ਚ 76.49 ਫ਼ੀਸਦੀ 10ਵੀਂ ਦੇ ਬੱਚੇ ਪਾਸ ਹੋ ਗਏ ਸਨ, ਉਦੋਂ ਮਾਡਰੇਸ਼ਨ ਦੇ ਨਾਂ 'ਤੇ 85.56 ਫ਼ੀਸਦੀ ਕਿਉਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ 'ਚ ਸਿੱਖਿਆ ਵਿਭਾਗ 'ਚ ਹੋਏ ਘਪਲੇ 'ਤੇ ਅਜੇ ਤੱਕ ਚੁੱਪ ਕਿਉਂ ਬੈਠੇ ਹਨ। ਇਸ ਮਿਆਦ 'ਚ ਸਕੂਲੀ ਬੱਚਿਆਂ ਨੂੰ ਵਰਦੀਆਂ ਦੇਣ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਸਿੱਖਿਆ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲੇ 'ਚ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਆਪਣੇ ਸਿਆਸੀ ਹਿੱਤਾਂ ਲਈ ਹੋ ਰਹੀਆਂ ਧਾਂਦਲੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਗੁੰਮਰਾਹ ਕਰਨ ਨੂੰ ਬੰਦ ਕਰਨ ਦੇ ਆਦੇਸ਼ ਦੇ ਕੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ।
 


author

Anuradha

Content Editor

Related News