ਤਰਨਤਾਰਨ ਪੁਲਸ ਨੇ ਹਰੀਕੇ ਤੋਂ 7000 ਲੀਟਰ ਲਾਹਣ ਕੀਤੀ ਬਰਾਮਦ : ਦਿਨਕਰ ਗੁਪਤਾ

Wednesday, Aug 26, 2020 - 09:00 PM (IST)

ਤਰਨਤਾਰਨ ਪੁਲਸ ਨੇ ਹਰੀਕੇ ਤੋਂ 7000 ਲੀਟਰ ਲਾਹਣ ਕੀਤੀ ਬਰਾਮਦ : ਦਿਨਕਰ ਗੁਪਤਾ

ਤਰਨਤਾਰਨ/ਚੰਡੀਗੜ੍ਹ: ਸੂਬੇ 'ਚ ਚੱਲ ਰਹੇ ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਦੇ ਨਾਲ ਹਰੀਕੇ ਇਲਾਕੇ 'ਚ ਕੈਮਰਿਆਂ ਨਾਲ ਲੈਸ ਡਰੋਨਾਂ ਦੀ ਸਹਾਇਤਾ ਨਾਲ ਚਲਾਈ ਗਈ ਮੁਹਿੰਮ ਦੌਰਾਨ ਪਿੰਡ ਮਰੜ ਦੇ ਮੰਡ ਖੇਤਰ 'ਚੋਂ 7000 ਲੀਟਰ ਲਾਹਣ ਬਰਾਮਦ ਕੀਤੀ ਹੈ।

ਡੀ. ਜੀ. ਪੀ. ਦਿਨਕਰ ਗੁਪਤਾ ਨੇ ਖੁਲ੍ਹਾਸਾ ਕੀਤਾ ਕਿ ਇਸ ਮਾਮਲੇ 'ਚ ਮੁਲਜ਼ਮ ਵਜੋਂ ਨਾਮਜ਼ਦ 7 ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਸ਼ੱਕੀ ਵਿਅਕਤੀ ਨੇੜਲੇ ਪਿੰਡਾਂ ਦੇ ਹੀ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਵਿਰੁੱਧ ਇਹ ਵੱਡੀ ਕਾਰਵਾਈ ਐਸ.ਐਸ.ਪੀ. ਤਰਨਤਾਰਨ ਦੀ ਅਗਵਾਈ ਹੇਠਲੀ ਟੀਮ ਵਲੋਂ ਇਕ ਬਹੁਤ ਹੀ ਸੁਚੱਜੇ ਢੰਗ ਨਾਲ ਅਮਲ 'ਚ ਲਿਆਂਦੀ ਗਈ ਕਾਰਵਾਈ ਦਾ ਨਤੀਜਾ ਸੀ। ਜਿਨ੍ਹਾਂ ਨੇ ਮੌਕੇ ਤੋਂ 7 ਕਿਸ਼ਤੀਆਂ ਵੀ ਬਰਾਮਦ ਕੀਤੀਆਂ। ਡੀ. ਜੀ. ਪੀ. ਨੇ ਕਿਹਾ ਕਿ ਮੌਕੇ ਤੋਂ 6 ਚੱਲਦੀਆਂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ ਅਤੇ ਨਸ਼ਟ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਲਾਹਣ 'ਚ 10 ਡਰੱਮ (10200 = 2000 ਲੀਟਰ) ਅਤੇ 10 ਤਰਪਾਲਾਂ (10500 = 5000 ਲੀਟਰ) ਸ਼ਾਮਲ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਡਰੋਨ ਕੈਮਰਿਆਂ ਰਾਹੀਂ ਪ੍ਰਾਪਤ ਕੀਤੀ ਗਈ ਮਹੱਤਵਪੂਰਣ ਜਾਣਕਾਰੀ ਦੇ ਅਧਾਰ 'ਤੇ ਤਰਨਤਾਰਨ ਪੁਲਸ ਦੇ 125 ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਆਬਕਾਰੀ ਵਿਭਾਗ ਅਤੇ ਪੰਜਾਬ ਦੇ ਜੰਗਲਾਤ ਵਿਭਾਗ ਨਾਲ ਤਾਲਮੇਲ ਰੱਖਦਿਆਂ ਬੁੱਧਵਾਰ ਸਵੇਰੇ ਮੰਡ ਖੇਤਰ 'ਚ ਛਾਪੇ ਮਾਰੇ।

ਹੋਰ ਵੇਰਵੇ ਦਿੰਦਿਆਂ ਡੀ. ਜੀ. ਪੀ. ਨੇ ਦੱਸਿਆ ਕਿ ਖਾਸ ਸੂਹ ਦੇ ਅਧਾਰ 'ਤੇ ਦਰਿਆ ਦੇ ਦਲਦਲ ਵਾਲੇ ਹਿੱਸੇ 'ਚ ਐਚ. ਡੀ. ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਸਹਾਇਤਾ ਨਾਲ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤਾਂ ਜੋ ਉਚੇ ਸਰਕੰਡੇ 'ਚ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਦੀਆਂ ਥਾਵਾਂ ਦੀ ਸਹੀ ਸਥਿਤੀ ਅਤੇ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕੇ। ਇਸ ਲਈ ਸਿਖਲਾਈ ਪ੍ਰਾਪਤ ਡਰੋਨ ਚਾਲਕਾਂ ਨੂੰ ਵਿਸੇਸ਼ ਤੌਰ 'ਤੇ ਪੰਜਾਬ ਆਰਮਡ ਪੁਲਸ, ਜਲੰਧਰ ਤੋਂ ਬੁਲਾਇਆ ਗਿਆ ਸੀ, ਜਿਨ੍ਹਾਂ ਨੂੰ ਇਹ ਛਾਪੇਮਾਰੀ ਕਰਨ ਤੋਂ ਇਕ ਦਿਨ ਪਹਿਲਾਂ ਕਰੀਬ 2 ਵਰਗ ਕਿਲੋਮੀਟਰ ਖੇਤਰ ਦੇ ਉਸ ਇਲਾਕੇ ਦੀ ਛਾਣਬੀਣ ਕਰਨ ਵਿਚ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਦਰਿਆ ਦੇ ਉਸ ਦਲਦਲ ਵਾਲੇ ਇਲਾਕੇ 'ਚ ਲੰਬਾ ਤੇ ਸੰਘਣਾ ਘਾਹ ਹੋਣ ਕਾਰਨ ਆਮ ਹਾਲਤਾਂ ਵਿੱਚ ਉਥੇ ਪਹੁੰਚਣਾ ਔਖਾ ਹੈ, ਜਿਸ ਲਈ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਵਰਤੋਂ ਕੀਤੀ ਗਈ।
ਡਰੋਨ ਕੈਮਰਿਆਂ ਨਾਲ ਖਿੱਚੀਆਂ ਫੋਟੋਆਂ ਅਤੇ ਵੀਡੀਓ ਦੀ ਫੁਟੇਜ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਸ਼ੱਕੀਆਂ ਦੀ ਪਛਾਣ ਲਈ ਦਿਖਾਈ ਗਈ ਸੀ ਅਤੇ ਸਥਾਨਕ ਲੋਕਾਂ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਅਧਾਰ 'ਤੇ ਦਲੇਰ ਸਿੰਘ, ਕੁਲਬੀਰ ਸਿੰਘ, ਲਾਲੀ, ਮਨਜੀਤ ਸਿੰਘ, ਫੁੰਮਣ ਸਿੰਘ, ਮੋਹਨ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਨਿੰਮਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਉਕਤ ਦੋਸ਼ੀਆਂ ਖਿਲਾਫ਼ ਹਰੀਕੇ ਥਾਣੇ ਵਿੱਚ ਆਬਕਾਰੀ ਕਾਨੂੰਨ ਹੇਠ ਐਫਆਈਆਰ ਨੰ. 112 ਮਿਤੀ 26.08.2020  ਅਧੀਨ ਧਾਰਾ  61/1/14 ਤਹਿਤ ਦਰਜ ਕੀਤੀ ਗਈ ਹੈ।
 


author

Deepak Kumar

Content Editor

Related News