ਨਗਰ ਕੀਰਤਨ ‘ਚ ਸ਼ਾਮਲ ਹੋਣ ਗਏ ਬੱਚਿਆਂ ਨੂੰ ਨਹੀਂ ਸੀ ਪਤਾ ਕਿ ਉਹ ਕਦੇ ਘਰ ਨਹੀਂ ਪਰਤਣਗੇ
Sunday, Feb 09, 2020 - 03:04 PM (IST)
ਤਰਨਤਾਰਨ (ਰਮਨ) : ਤਰਨਤਾਰਨ 'ਚ ਨਗਰ ਕੀਰਤਨ ਦੌਰਾਨ ਹੋਏ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਾਦਸੇ 'ਚ ਦੋ ਘਰਾਂ ਦੇ ਕੀਮਤੀ ਚਿਰਾਗ ਬੁਝਾ ਕੇ ਰੱਖ ਦਿੱਤੇ ਹਨ, ਜਦਕਿ 11 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਘਰਾਂ 'ਚ ਸੰਨਾਟਾ ਛਾ ਗਿਆ। ਇਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਇਸ ਦੀ ਮੈਜਿਸਟ੍ਰੇਟ ਵੱਲੋਂ ਜਾਂਚ ਕੀਤੀ ਜਾਵੇਗੀ, ਉਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪੁਲਸ ਦੀ ਭੂਮਿਕਾ ਰਹੀ ਮਾੜੀ
ਇਸ ਨਗਰ ਕੀਰਤਨ ਦੌਰਾਨ ਨਾਲ-ਨਾਲ ਡਿਊਟੀ ਦੇ ਰਹੀ ਜ਼ਿਲਾ ਤਰਨਤਾਰਨ ਦੀ ਪੁਲਸ ਵੱਲੋਂ ਮੌਕੇ 'ਤੇ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਣ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਪੁਲਸ ਕਰਮਚਾਰੀਆਂ ਵੱਲੋਂ ਇਸ ਨਗਰ ਕੀਰਤਨ 'ਚ ਹਿੱਸਾ ਲੈ ਰਹੇ ਟਰਾਲੀ ਸਵਾਰਾਂ ਵੱਲੋਂ ਸ਼ਰੇਆਮ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕਿਸੇ ਨੂੰ ਆਤਿਸ਼ਬਾਜ਼ੀ ਚਲਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਨੂੰ ਚਲਾਉਣ ਦੀ ਇਜਾਜ਼ਤ ਜ਼ਿਲਾ ਮੈਜਿਸਟ੍ਰੇਟ ਵੱਲੋਂ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਸ਼ਰੇਆਮ ਆਤਿਸ਼ਬਾਜ਼ੀ ਚੱਲਣੀ ਅਤੇ ਉਹ ਵੀ ਧਮਾਕਾਖੇਜ਼ ਸਮੱਗਰੀ ਦੀ ਮਦਦ ਨਾਲ ਇਸ ਨੂੰ ਵੇਖ ਪੁਲਸ ਦੀ ਭੂਮਿਕਾ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਦੋ ਘਰਾਂ ਦੇ ਬੁਝੇ ਚਿਰਾਗ
ਇਸ ਹਾਦਸੇ ਦੌਰਾਨ ਗੁਰਪ੍ਰੀਤ ਸਿੰਘ (12) ਅਤੇ ਮਨਪ੍ਰੀਤ ਸਿੰਘ (17) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੁਰਕੀਰਤ ਸਿੰਘ (16) ਪੁੱਤਰ ਵਜੀਰ ਸਿੰਘ ਜੋ ਸੀਰੀਅਸ ਹੈ, ਗੁਰਸਿਮਰਤ ਸਿੰਘ (17) ਪੁੱਤਰ ਦਿਲਬਾਗ ਸਿੰਘ, ਹਰਨੂਰ ਸਿੰਘ (17) ਪੁੱਤਰ ਸੁਖਰਾਜ ਸਿੰਘ, ਹਰਮਨ ਸਿੰਘ (15) ਪੁੱਤਰ ਸੁਖਰਾਜ ਸਿੰਘ, ਦਵਿੰਦਰ ਸਿੰਘ (17) ਪੁੱਤਰ ਕੁਲਦੀਪ ਸਿੰਘ, ਪਰਮਜੌਤ ਸਿੰਘ (20) ਪੁੱਤਰ ਸੁਖਦੇਵ ਸਿੰਘ ਸਾਰੇ ਨਿਵਾਸੀ ਪਹੂਵਿੰਡ ਨਾਰਾਇਣਦੀਪ ਸਿੰਘ (18) ਪੁੱਤਰ ਹੈਪੀ ਸਿੰਘ, ਅਜੈ ਪਾਲ ਸਿੰਘ (17) ਪੁੱਤਰ ਬਿਕਰਮਜੀਤ ਸਿੰਘ ਦੋਵੇਂ ਵਾਸੀ ਮਾੜੀ ਉਦੋਕੇ, ਅਨਮੋਲ ਪ੍ਰੀਤ ਸਿੰਘ (17) ਪੁੱਤਰ ਰਣਜੀਤ ਸਿੰਘ ਅਤੇ ਗੁਰਸ਼ਰਨ ਸਿੰਘ (18) ਪੁੱਤਰ ਸੁਖਦੇਵ ਸਿੰਘ ਹਸਪਤਾਲ ਜ਼ੇਰੇ ਇਲਾਜ ਹਨ।
ਪੈਰਾਂ ਦੇ ਜੋੜਿਆਂ ਨੂੰ ਵੇਖ ਖਰਾਬ ਹੋਈ ਹਾਲਤ
ਇਸ ਹਾਦਸੇ ਦੌਰਾਨ ਟਰਾਲੀ ਦੇ ਜਿੱਥੇ ਪਰਖਚੇ ਉਡ ਗਏ, ਉਥੇ ਟਰਾਲੀ ਵਿਚ ਪਿਆ ਸਾਮਾਨ ਜਿਨ੍ਹਾਂ ਵਿਚ 16 ਨੌਜਵਾਨਾਂ ਦੇ ਪੈਰਾਂ ਦੇ ਬੂਟ ਅਤੇ ਚੱਪਲਾਂ ਸੜਕਾਂ 'ਤੇ ਰੁਲਦੀਆਂ ਨਜ਼ਰ ਆਈਆਂ। ਜਿਨ੍ਹਾਂ ਨੂੰ ਵੇਖ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਲੋਕਾਂ ਦੀ ਮੰਨੀ ਹੁੰਦੀ ਤਾਂ ਨਹੀਂ ਹੋਣਾ ਸੀ ਹਾਦਸਾ
ਪਿੰਡ ਪਲਾਸੌਰ ਨਿਵਾਸੀ ਸੁਖਰਾਜ ਸਿੰਘ, ਪਿੰਡ ਡਾਲੇਕੇ ਦੇ ਸਰਪੰਚ ਨਵਰੂਪ ਸਿੰਘ, ਪੈਟਰੋਲ ਪੰਪ ਦੇ ਮਾਲਕ ਐਡਵੋਕੇਟ ਬਲਦੇਵ ਸਿੰਘ ਤੋਂ ਇਲਾਵਾ ਹੋਰ ਲੋਕਾਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਦੇ ਅੱਗੇ ਪਟਾਕੇ ਚਲਾਉਣ ਵਾਲੇ ਨੌਜਵਾਨਾਂ ਨੂੰ ਕਈਆਂ ਨੇ ਰੋਕ ਸਮਝਾਇਆ ਸੀ ਕਿ ਇਸ ਤਰ੍ਹਾਂ ਆਤਿਸ਼ਬਾਜ਼ੀ ਕਰਨ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਪਰ ਇਨ੍ਹਾਂ ਨੌਜਵਾਨਾਂ ਨੇ ਇਕ ਨਹੀਂ ਸੁਣੀ ਅਤੇ ਆਪਣੇ ਕੰਮ ਨੂੰ ਜਾਰੀ ਰੱਖਿਆ। ਜ਼ਿਕਰਯੋਗ ਹੈ ਕਿ ਜੇ ਇਨ੍ਹਾਂ ਨੌਜਵਾਨਾਂ ਨੇ ਲੋਕਾਂ ਦੀ ਗੱਲ 'ਤੇ ਅਮਲ ਕੀਤਾ ਹੁੰਦਾ ਤਾਂ ਇਹ ਵੱਡਾ ਹਾਦਸਾ ਨਹੀਂ ਵਾਪਰਣਾ ਸੀ।
ਪੁਲਸ ਦਾ ਕੰਮ ਪਿੰਡ ਵਾਸੀਆਂ ਨੇ ਕੀਤਾ
ਦੁਪਹਿਰ 3.15 ਵਜੇ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਸਰੀਰਕ ਅੰਗ ਸੜਕ ਦੇ ਆਲੇ ਦੁਆਲੇ ਮੌਜੂਦ ਮਟਰਾਂ ਅਤੇ ਕਣਕ ਦੀ ਫਸਲ 'ਚ ਜਾ ਡਿੱਗੇ, ਜਿਨ੍ਹਾਂ ਦੀ ਭਾਲ ਸਬੰਧੀ ਪਿੰਡ ਵਾਸੀਆਂ ਨੇ ਅੱਗੇ ਆ ਕੇ ਸਰਚ ਅਭਿਆਨ ਚਲਾਇਆ ਅਤੇ ਅੰਗਾਂ ਦੀ ਭਾਲ ਕੀਤੀ। ਜ਼ਿਕਰਯੋਗ ਹੈ ਕਿ ਇਹ ਕੰਮ ਪੁਲਸ ਕਰਮਚਾਰੀਆਂ ਵੱਲੋਂ ਕੀਤਾ ਜਾਣਾ ਬਣਦਾ ਸੀ ਪਰੰਤੂ ਪਿੰਡ ਵਾਸੀ ਇਸ ਨੇਕ ਕੰਮ ਨੂੰ ਕਰਦੇ ਨਜ਼ਰ ਆਏ।
ਨਗਰ ਕੀਰਤਨ ਨੂੰ ਕੀਤਾ ਦੂਸਰੇ ਰਸਤੇ ਰਵਾਨਾ
ਇਸ ਦਰਦਨਾਕ ਹਾਦਸੇ ਉਪਰੰਤ ਪਿੰਡ ਪਲਾਸੌਰ ਤੋ ਪਹਿਲਾਂ ਡਾਲੇਕੇ ਮੋੜ ਰਾਹੀਂ ਇਸ ਨਗਰ ਕੀਰਤਨ ਨੂੰ ਮੋੜ ਦਿੱਤਾ ਗਿਆ, ਜੋ ਪਿੰਡ ਜਿਉਬਾਲਾ ਰਾਹੀ ਰਵਾਨਾ ਹੋ ਗਿਆ।