ਨਗਰ ਕੀਰਤਨ ਧਮਾਕਾ : ਵਿਆਹ ਤੋਂ 8 ਸਾਲ ਬਾਅਦ ਰੱਬ ਨੇ ਦਿੱਤਾ ਸੀ ਪੁੱਤ ਉਹ ਵੀ ਖੋਹ ਲਿਆ

Sunday, Feb 09, 2020 - 06:25 PM (IST)

ਨਗਰ ਕੀਰਤਨ ਧਮਾਕਾ : ਵਿਆਹ ਤੋਂ 8 ਸਾਲ ਬਾਅਦ ਰੱਬ ਨੇ ਦਿੱਤਾ ਸੀ ਪੁੱਤ ਉਹ ਵੀ ਖੋਹ ਲਿਆ

ਤਰਨਤਾਰਨ : ਤਰਨਤਾਰਨ 'ਚ ਸ਼ਨੀਵਾਰ ਨੂੰ ਨਗਰ ਕੀਰਤਨ ਦੌਰਾਨ ਇਕ ਟਰਾਲੀ 'ਚ ਜ਼ਬਰਦਸਤ ਧਮਾਕਾ ਹੋਇਆ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਨਾਲ ਜਿੱਥੇ ਟਰੈਕਟਰ-ਟਰਾਲੀ ਦੇ ਪਰਖੱਚੇ ਉੱਡ ਗਏ।ਇਸ ਹਾਦਸੇ ਨੇ ਦੋ ਘਰਾਂ ਦੇ ਕੀਮਤੀ ਚਿਰਾਗ ਬੁਝਾ ਕੇ ਰੱਖ ਦਿੱਤੇ ਹਨ, ਜਦਕਿ 11 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਗੁਰਪ੍ਰੀਤ ਦੀ ਉਮਰ 13 ਸਾਲ ਦਾ ਸੀ ਤੇ ਉਹ 6ਵੀਂ ਜਮਾਤ 'ਚ ਪੜ੍ਹਦਾ ਸੀ। ਬੀਤੇ ਦਿਨ ਉਹ ਆਪਣੀ ਮਾਂ ਨਾਲ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ 'ਚ ਹਿੱਸਾ ਲੈਣ ਲਈ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਉਨ੍ਹਾਂ ਦੱਸਿਆ ਵਿਆਹ ਦੇ 8 ਸਾਲ ਬਾਅਦ ਰੱਬ ਅੱਗੇ ਅਰਦਾਸਾਂ ਕਰਕੇ ਉਨ੍ਹਾਂ ਨੂੰ ਪੁੱਤ ਮਿਲਿਆ ਸੀ ਪਰ ਨਹੀਂ ਪਤਾ ਕਿ ਰੱਬ ਇੰਨੀ ਜਲਦੀ ਉਸ ਨੂੰ ਸਾਡੇ ਕੋਲੋਂ ਖੋਹ ਕੇ ਲੈ ਜਾਵੇਗਾ। ਪਰਿਵਾਰ ਦੇ ਦਰਦ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ।  

ਦੱਸ ਦੇਈਏ ਕਿ ਧਮਾਕੇ ਵਿਚ ਮਾਰੇ ਗਏ ਗੁਰਪ੍ਰੀਤ ਸਿੰਘ (11) ਅਤੇ ਮਨਦੀਪ ਸਿੰਘ (14) ਦਾ ਅੰਤਿਮ ਸੰਸਕਾਰ ਪਿੰਡ ਪਹੁਵਿੰਡ ਵਿਖੇ ਅਤਿ ਗਮਗੀਨ ਮਾਹੌਲ 'ਚ ਕਰ ਦਿੱਤਾ ਗਿਆ। ਦੋਵਾਂ ਬੱਚਿਆਂ ਦੇ ਪਰਿਵਾਰਾਂ ਦੇ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੁੱਖ ਦੀ ਘੜੀ ਵਿਚ ਪਹੁੰਚੇ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਬਾਬਾ ਬਿਧੀ ਚੰਦ ਗੁਰਦੁਆਰਾ ਸਾਹਿਬ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ ਆਤਿਸ਼ਬਾਜ਼ੀ 'ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ।


author

Baljeet Kaur

Content Editor

Related News