ਤਰਨਤਾਰਨ : ਬਾਬਾ ਜੀਵਨ ਸਿੰਘ ਡੇਰੇ ਤੋਂ ਇਕ ਕਰੋੜ ਤੋਂ ਵੱਧ ਦੀ ਲੁੱਟ (ਤਸਵੀਰਾਂ)
Tuesday, Feb 25, 2020 - 10:28 AM (IST)
ਤਰਨਤਾਰਨ (ਰਮਨ) - ਤਰਨਤਾਰਨ ਵਿਖੇ ਸਥਿਤ ਬਾਬਾ ਜੀਵਨ ਸਿੰਘ ਜੀ ਡੇਰੇ, ਜਿਸ ਨੂੰ ਬਾਬਾ ਜਗਤਾਰ ਸਿੰਘ ਜੀ ਚਲਾ ਰਹੇ ਹਨ, ਵਿਖੇ ਬੀਤੀ ਰਾਤ ਅਣਪਛਾਤੇ ਲੁਟੇਰੇ ਦਾਖਲ ਹੋ ਗਏ। ਲੁਟੇਰਿਆਂ ਨੇ ਡੇਰੇ ਦੇ ਖਜਾਨਚੀ ਬਾਬਾ ਮਹਿੰਦਰ ਸਿੰਘ ਅਤੇ ਇਕ ਸੇਵਾਦਾਰ ਨੂੰ ਬੰਧਕ ਬਣਾਉਂਦੇ ਹੋਏ ਪਹਿਲਾਂ ਉਨ੍ਹਾਂ ਦੀ ਕੁਟਮਾਰ ਕੀਤੀ ਅਤੇ ਬਾਅਦ ’ਚ ਕਰੀਬ ਡੇਢ ਕਰੋੜ ਰੁਪਏ ਦੀ ਰਾਸ਼ੀ ਲੈ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁਲਸ ਵੀ ਪਹੁੰਚ ਗਈ। ਇਹ ਸਾਰੀ ਘਟਨਾ ਡੇਰੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਨੂੰ ਕਬਜ਼ੇ ’ਚ ਲੈ ਪੁਲਸ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਲੁੱਟ ਦੀ ਘਟਨਾਂ ਸਬੰਧੀ ਡੇਰੇ ਨਾਲ ਸਬੰਧਤ ਕੁਝ ਵਿਅਕਤੀਆਂ ਕੋਲੋਂ ਵੀ ਪੁਲਸ ਵਲੋਂ ਪੁੱਛਗਿੱਛ ਕੀਤੀ ਗਈ, ਜਿਸ ਮਗਰੋਂ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ।
ਘਟਨਾ ਦੌਰਾਨ ਜ਼ਖਮੀ ਹੋਏ ਬਾਬਾ ਮਹਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਦੇਸ਼-ਵਿਦੇਸ਼ ’ਚ ਧਾਰਮਿਕ ਗੁਰਧਾਮਾਂ ਦੀ ਇਸ ਸੰਪਰਦਾਏ ਵਲੋਂ ਕਾਰ ਸੇਵਾ ਕਰਵਾਈ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੋਨੇ ਅਤੇ ਨਿਕਾਸੀ ਦੀ ਕਾਰ ਸੇਵਾ ਵੀ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਲੋਂ ਹੀ ਕਰਵਾਈ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿ ’ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸੋਨੇ ਦੀ ਸੁੰਦਰ ਪਾਲਕੀ ਸਾਹਿਬ ਵੀ ਇਸ ਸੰਪਰਦਾ ਵਲੋਂ ਤਿਆਰ ਕਰਕੇ ਭੇਜੀ ਗਈ ਸੀ l