ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਜ਼ਿਲ੍ਹਾ ਪੱਧਰੀ ਹਸਪਤਾਲ ਸਾਬਤ ਹੋਇਆ ਸਭ ਲਈ ਵਰਦਾਨ

Wednesday, Jun 10, 2020 - 03:54 PM (IST)

ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਜ਼ਿਲ੍ਹਾ ਪੱਧਰੀ ਹਸਪਤਾਲ ਸਾਬਤ ਹੋਇਆ ਸਭ ਲਈ ਵਰਦਾਨ

ਤਰਨਤਾਰਨ (ਰਮਨ) : ਕੋਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਜਾਰੀ ਸਿਹਤ ਸਹੂਲਤਾਂ ਨੂੰ 24 ਘੰਟਿਆਂ ਲਈ ਜਾਰੀ ਰੱਖਿਆ ਗਿਆ ਸੀ ਜਿਸ ਤਹਿਤ ਸਰਹੱਦੀ ਜ਼ਿਲ੍ਹੇ ਦੇ ਲੋੜਵੰਦ ਅਤੇ ਗਰੀਬ ਵਰਗ ਦੇ ਲੋਕਾਂ ਲਈ ਸਥਾਨਕ ਜ਼ਿਲ੍ਹਾ ਪੱਧਰੀ ਹਸਪਤਾਲ ਐਮਰਜੈਂਸੀ ਅਤੇ ਹੋਰ ਸਹੂਲਤਾਂ ਦੇਣ ਤਹਿਤ ਵਰਧਾਨ ਸਾਬਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤਾਲਾਬੰਦੀ ਅਤੇ ਕਰਫਿਊ ਦੌਰਾਨ ਜਿੱਥੇ ਪ੍ਰਾਈਵੇਟ ਨਰਸਿੰਗ ਹੋਮ ਅਤੇ ਹਸਪਤਾਲ ਪਾਸਾ ਵੱਟ ਗਏ ਸਨ ਉੱਥੇ ਸਰਕਾਰੀ ਹਸਪਤਾਲ ਵਲੋਂ ਮਰੀਜ਼ਾਂ ਦੀ ਦਿਨ ਰਾਤ ਸੇਵਾ ਅਤੇ ਇਲਾਜ ਕੀਤਾ ਜਾਂਦਾ ਰਿਹਾ ਹੈ।

ਲਾਕਡਾਊਨ ਦੌਰਾਨ ਮਰੀਜ਼ਾਂ ਦਾ ਕੀਤਾ ਗਿਆ ਇਲਾਜ
ਜ਼ਿਲਾ ਪਧਰੀ ਸਰਕਾਰੀ ਹਸਪਤਾਲ ਵਿਖੇ ਆਪਣੇ ਵੱਖ-ਵੱਖ ਇਲਾਜ ਸਬੰਧੀ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਮਾਰਚ ਮਹੀਨੇ 'ਚ 13236, ਅਪ੍ਰੈਲ 'ਚ 7888 ਅਤੇ ਮਈ ਮਹੀਨੇ ਦੌਰਾਨ 8675 ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ 1874 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ, 831 ਮੇਜਰ ਅਤੇ ਮਾਈਨਰ ਸਰਜਰੀਆਂ, 358 ਡਲੀਵਰੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਮਰੀਜ਼ਾਂ ਨੂੰ ਮੁੱਫਤ ਦਵਾਈਆਂ ਅਤੇ ਹੋਰ ਸਹੂਲਤਾਂ ਵੀ ਮੁਹਈਆ ਕਰਵਾਈਆਂ ਗਈਆਂ। ਇਸ ਸਮੇ ਦੌਰਾਨ 1822 ਐਕਸਰੇ, 761 ਈ. ਸੀ. ਜੀ. ਅਤੇ 1758 ਅਲਟਰਾ ਸਾਉਂਡ, 57571 ਲੈਬਾਟਰੀ ਟੈਸਟ ਕੀਤੇ ਗਏ ਜਿਸ ਸਬੰਧੀ 30 ਲੱਖ 17 ਹਜ਼ਾਰ 251 ਰੁਪਏ ਸਿਹਤ ਵਿਭਾਗ ਦੇ ਗੱਲੇ 'ਚ ਆਏ ਹਨ।

ਸੋਸ਼ਲ਼ ਡਿਸਟੈਂਸ ਦੀ ਮਰੀਜ਼ ਨਹੀਂ ਕਰ ਰਹੇ ਪਾਲਣਾ
ਸਿਵਲ ਹਸਪਤਾਲ ਅੰਦਰ ਜਿੱਥੇ ਮਰੀਜ਼ਾਂ ਦੀ ਗਿਣਤੀ ਦਿਨ ਬਾ ਦਿਨ ਵੱਧਣ ਲੱਗੀ ਹੈ ਉੱਥੇ ਇਹ ਮਰੀਜ਼ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰ ਰਹੇ ਹਨ। ਸਿਵਲ ਹਸਪਤਾਲ ਦੇ ਪ੍ਰਬੰਧਕਾਂ ਵਲੋ ਹਸਪਤਾਲ ਅੰਦਰ ਆਉਣ ਵਾਲੇ ਲੋਕਾਂ ਅਤੇ ਮਰੀਜ਼ਾਂ ਨੂੰ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਸਬੰਧੀ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਉੱਥੇ ਹਸਪਤਾਲ ਦੇ ਮੇਨ ਗੇਟ ਤੋ ਵਾਰੀ-ਵਾਰੀ ਮਰੀਜ਼ਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ।

ਮਰੀਜ਼ਾਂ ਲਈ ਦਿਨ ਰਾਤ ਹਾਜਰ ਹੈ ਸਟਾਫ
ਐੱਸ. ਐੱਮ. ਓ. ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਹਸਪਤਾਲ ਕੰਪਲੈਕਸ 'ਚ ਬਣਾਈ ਗਈ ਆਈਸੋਲੇਸ਼ਨ ਵਾਰਡ 'ਚ ਦਾਖਲ ਰਹੇ ਕਰੀਬ 169 ਮਰੀਜ਼ਾਂ ਦਾ ਸਫਲਪੂਰਵਕ ਇਲਾਜ ਕੀਤੇ ਜਾਣ ਉਪਰੰਤ ਇਹ ਸਾਰੇ ਵਿਅਕਤੀ ਕੋਰੋਨਾ ਮੁਕਤ ਹੋ ਘਰ ਪੁੱਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਚੱਲਦਿਆਂ ਹਸਪਤਾਲ ਦਾ ਪੂਰਾ ਸਟਾਫ ਦਿਨ ਰਾਤ ਮਰੀਜ਼ਾਂ ਦੇ ਇਲਾਜ 'ਚ ਲੱਗਾ ਰਿਹਾ ਹੈ ਜਿਨ੍ਹਾਂ ਵੱਲੋਂ ਬਿਨਾਂ ਕੋਈ ਛੁੱਟੀ ਲਏ ਡਿਉਟੀ ਨਿਭਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਅੰਦਰ ਮਰੀਜ਼ਾਂ ਦੀ ਗਿਣਤੀ 'ਚ ਦਿਨ ਬਾ ਦਿਨ ਵਾਧਾ ਹੋ ਰਿਹਾ ਹੈ। ਇਸ ਲਾਕਡਾਊਨ ਦੌਰਾਨ ਹਸਪਤਾਲ ਅੰਦਰ ਕਾਲਾ ਪੀਲੀਆ, ਐੱਚ. ਆਈ. ਵੀ, ਬਲੱਡ ਬੈਂਕ ਆਦਿ ਸਹੂਲਤਾਂ ਮਰੀਜ਼ਾਂ ਲਈ ਖੁੱਲੀਆਂ ਰਹੀਆਂ ਹਨ।

ਹਰ ਵਰਗ ਨੇ ਲਿਆ ਸਿਹਤ ਸਹੂਲਤਾਂ ਦਾ ਲਾਭ
ਹਲਕਾ ਵਿਧਾਇਕ ਡਾ.ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋ ਕੋਰੋਨਾ ਦੇ ਚੱਲਦਿਆਂ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰਖਦੇ ਹੋਏ ਸਰਕਾਰੀ ਸਿਹਤ ਸਹੂਲਤਾਂ ਨੂੰ ਪਹਿਲਾਂ ਦੀ ਤਰਾਂ 24 ਘੰਟੇ ਜਾਰੀ ਰੱਖਣ ਦੇ ਹੁੱਕਮ ਦਿੱਤੇ ਸੀ।ਜਿਸ ਤਹਿਤ ਲਾਕਡਾਊਨ ਦੌਰਾਨ ਲੋੜਵੰਦ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਦਾ ਭਰਪੂਰ ਲਾਭ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਸਕੀਮਾਂ ਲੋਕਾਂ ਦੇ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ।


author

Baljeet Kaur

Content Editor

Related News