ਤਰਨਤਾਰਨ : ਬੀ. ਐੱਸ. ਐੱਫ. ਵੱਲੋਂ 5 ਕਰੋਡ਼ 3 ਲੱਖ ਰੁਪਏ ਦੀ ਹੈਰੋਇਨ ਬਰਾਮਦ

Sunday, Sep 01, 2019 - 10:04 AM (IST)

ਤਰਨਤਾਰਨ : ਬੀ. ਐੱਸ. ਐੱਫ. ਵੱਲੋਂ 5 ਕਰੋਡ਼ 3 ਲੱਖ ਰੁਪਏ ਦੀ ਹੈਰੋਇਨ ਬਰਾਮਦ

ਤਰਨਤਾਰਨ (ਰਮਨ, ਵਿਜੇ ) - ਭਾਰਤ ਪਾਕਿ ਸਰਹੱਦ ਨੇਡ਼ੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਦੌਰਾਨੇ ਗਸ਼ਤ ਜ਼ਮੀਨ ’ਚ ਦੱਬੀ ਹੋਈ ਇਕ ਕਿਲੋ 60 ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 138 ਬਟਾਲੀਅਨ ਵੱਲੋਂ ਇੰਸਪੈਕਟਰ ਬੱਪਨ ਇੰਚਾਰਜ ਬੀ. ਓ. ਪੀ. ਨੌਸ਼ਹਿਰਾ ਢਾਲਾ, ਬੁਰਜੀ ਨੰਬਰ 122 ਪੋਸਟ ਥਾਣਾ ਸਰਾਏ ਅਮਾਨਤ ਖਾਂ ਦੀ ਅਗਵਾਈ ਵਿਚ ਕਰੀਬ 2 ਵਜੇ ਸਰਚ ਅਭਿਆਨ ਚਲਾਇਆ ਗਿਆ ਸੀ, ਜਿਸ ਦੌਰਾਨ ਨੇਡ਼ੇ ਕਿਸਾਨ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੀ ਵਾਹੀ ਯੋਗ ਜ਼ਮੀਨ ’ਚੋਂ ਕਰੀਬ 1 ਕਿਲੋ 60 ਗ੍ਰਾਮ ਵਜ਼ਨੀ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 5 ਕਰੋੜ 3 ਲੱਖ ਦੇ ਕਰੀਬ ਹੈ, ਜਦਕਿ ਪ੍ਰੇਮ ਸਿੰਘ ਪੁੱਤਰ ਪ੍ਰਕਾਸ਼ ਸਿੰਘ ਦੀ ਵਾਹੀ ਯੋਗ ਜ਼ਮੀਨ ’ਚੋਂ ਇਕ ਬੋਤਲ ਦੇਸੀ ਸ਼ਰਾਬ ਅਤੇ ਇਕ ਬੋਤਲ ਕੋਲਡ ਡਰਿੰਕ ਬਰਾਮਦ ਕੀਤੀ ਗਈ। ਬੀ. ਐੱਸ. ਐੱਫ. ਵੱਲੋਂ ਇਨ੍ਹਾਂ ਪਦਾਰਥਾਂ ਨੂੰ ਕਬਜ਼ੇ ’ਚ ਲੈਣ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। 

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਸਾਮਾਨ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਹਵਾਲੇ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਐੱਸ. ਪੀ. (ਆਈ.) ਹਰਜੀਤ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਬੀ. ਐੱਸ. ਐੱਫ. ਵੱਲੋਂ ਬਰਾਮਦ ਕੀਤੀ ਗਈ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਜ਼ਿਲੇ ’ਚ ਨਾਕੇਬੰਦੀ ਹੋਰ ਤੇਜ਼ ਕਰ ਦਿੱਤੀ ਗਈ ਹੈ।


author

Baljeet Kaur

Content Editor

Related News