ਡੋਪ ਟੈਸਟ ਮਾਮਲੇ 'ਚ ਸ਼ਾਮਲ ਅਧਿਕਾਰੀ ਅਤੇ ਕਰਮਚਾਰੀ ਫੜ੍ਹਨ ਲੱਗੇ ਐੱਮ. ਪੀ. ਸਣੇ ਵਿਧਾਇਕਾਂ ਦੇ ਗੋਡੇ

12/25/2019 11:58:15 AM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਦਫਤਰਾਂ 'ਚ ਤਾਇਨਾਤ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਪੁਲਸ ਮੁਖੀ ਧਰੁਵ ਦਹੀਆ ਵਲੋਂ ਤਰਨਤਾਰਨ ਅਤੇ ਪੱਟੀ ਹਸਪਤਾਲ ਤੋਂ ਕਰਵਾਏ ਗਏ ਡੋਪ ਟੈਸਟਾਂ ਦੌਰਾਨ 21 ਦੇ ਨੈਗੇਟਿਵ ਆਉਣ ਅਤੇ ਅੰਮ੍ਰਿਤਸਰ ਸਰਕਾਰੀ ਹਸਪਤਾਲ ਤੋਂ ਦੁਬਾਰਾ ਕਰਵਾਉਣ ਤਹਿਤ 14 ਦੇ ਪਾਜ਼ੇਟਿਵ ਆ ਜਾਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਇਸ ਦੀ ਜਾਂਚ ਏ. ਡੀ. ਸੀ. ਸੰਦੀਪ ਕੁਮਾਰ ਵਲੋਂ ਮੁਕੰਮਲ ਕਰਦੇ ਹੋਏ ਜਾਂਚ ਰਿਪੋਰਟ ਡੀ. ਸੀ. ਪ੍ਰਦੀਪ ਸੱਭਰਵਾਲ ਨੂੰ ਸੌਂਪ ਦਿੱਤੀ ਗਈ ਹੈ। ਜਿਨ੍ਹਾਂ ਵਲੋਂ ਡਿਉੂਟੀ 'ਚ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਬਣਦਾ ਐਕਸ਼ਨ ਹੁਣ ਡਿਪਟੀ ਕਮਿਸ਼ਨਰ ਵਲੋਂ ਕਦੋਂ ਲਿਆ ਜਾਵੇਗਾ ਇਸ ਦਾ ਇੰਤਜ਼ਾਰ ਬਾਕੀ ਹੈ। ਜ਼ਿਕਰਯੋਗ ਹੈ ਕਿ ਇਸ ਜਾਂਚ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਮਾਮਲੇ 'ਚ ਸ਼ਾਮਲ ਕੁਝ ਕਰਮਚਾਰੀ ਅਤੇ ਅਧਿਕਾਰੀ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਦੇ ਗੋਡੇ ਫੜ੍ਹਨ ਲਈ ਮਜਬੂਰ ਨਜ਼ਰ ਆ ਰਹੇ ਹਨ।

ਜਾਣਕਾਰੀ ਅਨੁਸਾਰ ਨਵੰਬਰ ਮਹੀਨੇ 'ਚ ਐੱਸ. ਐੱਸ. ਪੀ. ਧਰੁਵ ਦਹੀਆ ਜਿਨ੍ਹਾਂ ਵਲੋਂ ਨਸ਼ੇ ਦੇ ਖਾਤਮੇ ਲਈ ਜ਼ੀਰੋ ਟਾਲਰੈਂਸ ਮੁਹਿੰਮ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਕੁਝ ਸ਼ੱਕੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਲਈ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਇਨ੍ਹਾਂ 21 ਮੁਲਾਜ਼ਮਾਂ ਵਲੋਂ ਜ਼ਿਲੇ ਦੇ ਤਰਨਤਾਰਨ ਅਤੇ ਪੱਟੀ ਹਸਪਤਾਲ ਤੋਂ ਕਰਵਾਏ ਗਏ ਡੋਪ ਟੈਸਟ ਪਾਜ਼ੇਟਿਵ ਆਉਣ ਸਬੰਧੀ ਜਾਰੀ ਰਿਪੋਰਟਾਂ ਐੱਸ. ਐੱਸ. ਪੀ. ਅੱਗੇ ਪੇਸ਼ ਕੀਤੀਆਂ ਗਈਆਂ। ਇਸ ਰਿਪੋਰਟ ਨੂੰ ਵੇਖ ਐੱਸ. ਐੱਸ. ਪੀ. ਹੈਰਾਨ ਹੋ ਗਏ ਅਤੇ ਉਨ੍ਹਾਂ ਵਲੋਂ ਆਪਣੀ ਤਸੱਲੀ ਕਰਵਾਉਣ ਲਈ ਇਨ੍ਹਾਂ 21 ਮੁਲਾਜ਼ਮਾਂ ਦਾ ਕੁਝ ਦਿਨ ਬਾਅਦ ਡੀ. ਐੱਸ. ਪੀ. (ਡੀ.) ਸੁਖਨਿੰਦਰ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਟੈਸਟ ਕਰਵਾਉਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਸਨ। ਡੀ. ਐੱਸ. ਪੀ. ਦੀ ਅਗਵਾਈ 'ਚ ਇਨ੍ਹਾਂ 21 ਮੁਲਾਜ਼ਮਾਂ ਜਿਨ੍ਹਾਂ 'ਚ ਕੁਝ ਏ. ਐੱਸ. ਆਈ. ਵੀ ਸ਼ਾਮਲ ਸਨ ਦੇ ਡੋਪ ਟੈਸਟ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੀ ਵਿਸ਼ੇਸ਼ ਟੀਮ, ਜਿਸ 'ਚ ਸਿਵਲ ਸਰਜਨ ਵੀ ਸ਼ਾਮਲ ਸਨ ਵਲੋਂ ਕੀਤੇ ਜਾਣ 'ਤੇ ਇਸ ਦੀ ਰਿਪੋਰਟ ਬੰਦ ਲਿਫਾਫੇ 'ਚ ਐੱਸ. ਐੱਸ. ਪੀ. ਧਰੁਵ ਦਹੀਆ ਨੂੰ ਸੌਂਪ ਦਿੱਤੀ ਗਈ। ਇਸ ਰਿਪੋਰਟ 'ਚ 14 ਮੁਲਾਜ਼ਮਾਂ ਦੇ ਡੋਪ ਟੈਸਟ ਪਾਜ਼ੇਟਿਵ ਆਉਣ ਉਪਰੰਤ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਇਕ ਪੱਤਰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਡੀ. ਸੀ. ਵਲੋਂ ਇਸ ਡੋਪ ਮਾਮਲੇ 'ਚ ਚੱਲ ਰਹੇ ਗੋਲਮਾਲ ਦੀ ਸਹੀ ਜਾਂਚ ਕਰਨ ਲਈ ਆਈ. ਏ. ਐੱਸ. ਅਧਿਕਾਰੀ ਏ. ਡੀ. ਸੀ. ਸੰਦੀਪ ਕੁਮਾਰ ਦੀ ਡਿਉੂਟੀ ਲਾਈ ਗਈ ਸੀ।

ਆਈ. ਏ. ਐੱਸ. ਸੰਦੀਪ ਕੁਮਾਰ ਵਲੋਂ ਤਿਆਰ ਕੀਤੀ ਗਈ ਰਿਪੋਰਟ
ਜ਼ਿਲੇ ਦੇ ਆਈ. ਏ. ਐੱਸ. ਅਧਿਕਾਰੀ ਏ. ਡੀ. ਸੀ. ਸੰਦੀਪ ਕੁਮਾਰ ਵਲੋਂ ਸਿਵਲ ਹਸਪਤਾਲ ਪੱਟੀ ਅਤੇ ਤਰਨਤਾਰਨ ਵਿਖੇ ਕੀਤੇ ਜਾਂਦੇ ਡੋਪ ਟੈਸਟਾਂ ਦੇ ਰਿਕਾਰਡ ਨੂੰ ਜ਼ਬਤ ਕਰਦੇ ਹੋਏ ਸਿਵਲ ਹਸਪਤਾਲ ਪੱਟੀ, ਤਰਨਤਾਰਨ ਦੇ ਐੱਸ. ਐੱਮ. ਓਜ਼ ਸਣੇ ਇਕ ਰੇਡੀਉਗ੍ਰਾਫਰ, ਦੋ ਕਲਾਸ ਫੋਰ, ਦੋ ਸੈਨੇਟਰੀ ਇੰਸਪੈਕਟਰ, ਦੋ ਸੀਨੀਅਰ ਫਾਰਮੇਸੀ ਅਫ਼ਸਰ, ਇਕ ਲੈਬਾਰਟਰੀ ਟੈੱਕਨੀਸ਼ੀਅਨ, ਇਕ ਡਾਕਟਰ, 108 ਐਂਬੂਲੈਂਸ ਦੇ ਤਾਇਨਾਤ ਦੋ ਫਾਰਮਾਸਿਸਟ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰਿਆਂ ਕੋਲੋਂ ਜਾਂਚ ਅਧਿਕਾਰੀ ਨੇ ਆਪਣੇ ਦਫ਼ਤਰ 'ਚ ਵੱਖ-ਵੱਖ ਤਰੀਕਾਂ ਨੂੰ ਬੁਲਾ ਕੇ ਕਰੀਬ 2 ਘੰਟੇ ਤੱਕ ਕੀਤੀ ਗਈ ਪੁੱਛਗਿੱਛ ਦੌਰਾਨ ਬਿਆਨ ਦਰਜ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਪਾਜ਼ੇਟਿਵ ਪਾਏ ਜਾਣ ਵਾਲੇ 14 ਪੁਲਸ ਮੁਲਾਜ਼ਮਾਂ ਨੂੰ ਵੀ ਡੋਪ ਦੀ ਕੀਤੀ ਜਾ ਰਹੀ ਤਫਤੀਸ਼ 'ਚ ਸ਼ਾਮਲ ਕੀਤਾ ਗਿਆ ਹੈ। ਇਸ ਜਾਂਚ ਦੇ ਮੁਕੰਮਲ ਹੋਣ ਉਪਰੰਤ ਕਿਹੜੇ ਕਰਮਚਾਰੀਆਂ ਅਤੇ ਅਧਿਕਾਰੀਆਂ ਉੱਪਰ ਗਾਜ ਡਿੱਗ ਸਕਦੀ ਹੈ ਇਹ ਡੀ. ਸੀ. ਦੇ ਫੈਸਲੇ ਉੱਪਰ ਨਿਰਭਰ ਕਰਦਾ ਹੈ।

ਐੱਮ. ਪੀ. ਸਣੇ ਹਲਕਾ ਵਿਧਾਇਕਾਂ ਦੇ ਫੜ੍ਹੇ ਜਾਣ ਲੱਗੇ ਗੋਡੇ
ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਐੱਸ. ਐੱਸ. ਪੀ. ਧਰੁਵ ਦਹੀਆ ਤੋਂ ਇਲਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਪਰ ਡੋਪ ਟੈਸਟ ਮਾਮਲੇ 'ਚ ਨਸ਼ਾ ਕਰਨ ਦੇ ਆਦੀ ਮੁਲਾਜ਼ਮਾਂ ਦਾ ਕੁੱਝ ਰੁਪਏ ਬਟੋਰਨ ਦੀ ਖਾਤਿਰ ਸਾਥ ਦਿੰਦੇ ਹੋਏ ਆਪਣੀ ਡਿਉੂਟੀ 'ਚ ਕੋਤਾਹੀ ਕਰਨ ਵਾਲਿਆਂ ਤੋਂ ਐੱਮ. ਪੀ. ਜਸਬੀਰ ਸਿੰਘ ਡਿੰਪਾ ਅਤੇ ਵਿਧਾਇਕ ਅਗਨੀਹੋਤਰੀ ਸਖਤ ਨਾਰਾਜ਼ ਹਨ। ਜਿਨ੍ਹਾਂ ਵਲੋਂ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਸਿਫਾਰਸ਼ ਸਿਹਤ ਮੰਤਰੀ ਨੂੰ ਕੀਤੀ ਗਈ ਹੈ। ਇਸ ਸਖਤੀ ਨੂੰ ਵੇਖਦੇ ਹੋਏ ਡੋਪ ਜਾਂਚ 'ਚ ਸ਼ਾਮਲ ਉਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਪਣੀ ਜਾਨ ਬਚਾਉਣ ਦੀ ਖਾਤਰ ਸਿਫਾਰਸ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਦਫ਼ਤਰਾਂ ਦੇ ਚੱਕਰ ਕੱਢਦੇ ਹੋਏ ਗੋਡੇ ਫੜ੍ਹੇ ਜਾ ਰਹੇ ਹਨ।

ਜਲਦ ਕੀਤਾ ਜਾਵੇਗਾ ਖੁਲਾਸਾ
ਡਿਪਟੀ ਕਮਿਸ਼ਨਰ ਸ਼੍ਰੀ ਸੱਭਰਵਾਲ ਨੇ ਦੱਸਿਆ ਕਿ ਏ. ਡੀ. ਸੀ. ਸੰਦੀਪ ਕੁਮਾਰ ਵਲੋਂ ਡੋਪ ਮਾਮਲੇ ਦੀ ਜਾਂਚ ਮੁਕੰਮਲ ਕਰ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ, ਜਿਸ ਦਾ ਜਲਦ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜਾਂਚ 'ਚ ਜਿਸ ਕਰਮਚਾਰੀ ਦੀ ਡਿਉੂਟੀ 'ਚ ਕੋਤਾਹੀ ਪਾਈ ਜਾਂਦੀ ਸਾਹਮਣੇ ਆਏਗੀ ਉਸ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਬਣਦੀ ਕਾਰਵਾਈ ਕਰਨ 'ਚ ਨਹੀਂ ਹੋਵੇਗੀ ਦੇਰੀ
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਜਾਂਚ ਰਿਪੋਰਟ 'ਚ ਸ਼ਾਮਲ ਵਿਅਕਤੀਆਂ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਜੋ ਕਾਰਵਾਈ ਕਰਨ ਦੇ ਆਦੇਸ਼ ਜਾਰੀ ਹੋਣਗੇ ਉਸ 'ਤੇ ਕੋਈ ਦੇਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ 'ਚ ਸ਼ਾਮਲ ਨਸ਼ੇ ਦੇ ਆਦੀ ਇਕ ਏ. ਐੱਸ. ਆਈ. ਅਤੇ ਦੋ ਮੁੱਖ ਸਿਪਾਹੀਆਂ ਨੂੰ ਡਿਸਮਿਸ ਕੀਤੇ ਜਾਣ 'ਚ ਉਨ੍ਹਾਂ ਨੇ ਕੋਈ ਦੇਰੀ ਨਹੀਂ ਕੀਤੀ ਅਤੇ ਨਾ ਕਿਸੇ ਦੀ ਸਿਫਾਰਸ਼ ਮੰਨੀ ਹੈ। ਇਸ ਤੋਂ ਇਲਾਵਾ ਡੋਪ ਟੈਸਟ 'ਚ ਪਾਏ ਜਾਣ ਵਾਲੇ 14 ਮੁਲਾਜ਼ਮਾਂ ਨੂੰ ਡਿਉੂਟੀ ਲਈ ਜ਼ਿਲਾ ਤਰਨਤਾਰਨ ਤੋਂ ਬਾਹਰ ਭੇਜ ਦਿੱਤਾ ਗਿਆ ਹੈ।


Baljeet Kaur

Content Editor

Related News