ਤਰਨਤਾਰਨ ਧਮਾਕੇ ''ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਖੁਲਾਸਾ

Friday, Sep 06, 2019 - 06:36 PM (IST)

ਤਰਨਤਾਰਨ ਧਮਾਕੇ ''ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਖੁਲਾਸਾ

ਤਰਨਤਾਰਨ : ਜ਼ਿਲਾ ਤਰਨਤਾਰਨ ਦੇ ਪਿੰਡ ਕਲੇਰ ਵਿਖੇ ਬੀਤੀ ਰਾਤ ਹੋਏ ਧਮਾਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਮੁੱਖ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਤਰਨਤਾਰਨ 'ਚ ਤਿੰਨ ਨੌਜਵਾਨਾਂ ਵਲੋਂ ਬੋਤਲ ਬੰਬ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਹ ਧਮਾਕਾ ਹੋ ਗਿਆ ਅਤੇ ਇਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵੱਖ-ਵੱਖ ਪਹਿਲੂਆਂ 'ਤੇ ਜਾਂਚਿਆ ਜਾ ਰਿਹਾ ਹੈ ਤਾਂ ਜੋ ਮਾਮਲੇ ਦਾ ਪੂਰਾ ਸੱਚ ਸਾਹਮਣੇ ਆ ਸਕੇ। 

ਦੱਸਣਯੋਗ ਹੈ ਕਿ ਬੁੱਧਵਾਰ ਰਾਤ ਜ਼ਿਲਾ ਤਰਨਤਾਰਨ ਦੇ ਪਿੰਡ ਕਲੇਰ ਵਿਖੇ ਕੁਝ ਵਿਅਕਤੀਆਂ ਵੱਲੋਂ ਇਕ ਪਲਾਟ 'ਚ 'ਹਾਈ ਪੋਟੈਂਸੀ ਵਿਸਫੋਟਕ ਪਦਾਰਥ' ਨਾਲ ਛੇੜਛਾੜ ਕਰਨ ਧਮਾਕਾ ਹੋ ਗਿਆ ਸੀ। ਇਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਪੁਲਸ ਵੱਲੋਂ ਥਾਣਾ ਸਦਰ ਵਿਖੇ ਧਾਰਾ 304-ਏ, 4, 5, ਐਕਸਪਲੋਸਿਵ ਐਕਟ ਤਹਿਤ ਮੁਕੱਦਮਾ ਨੰਬਰ 280 ਕਰਦੇ ਹੋਏ ਅਗਲੇਰੀ ਕਾਰਵਾਈ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਾਲੀ ਥਾਂ 'ਤੇ ਧਮਾਕੇ ਤੋਂ ਬਾਅਦ ਬਣੇ ਕਰੀਬ 3 ਫੁੱਟ ਡੂੰਘੇ ਟੋਏ ਅਤੇ ਆਸ-ਪਾਸ ਦੇ ਖੇਤਰ ਤੋਂ ਬੰਬ ਡਿਸਪੋਜ਼ ਅਤੇ ਡਿਟੈਕਟ ਸਟਾਫ (ਬੀ. ਡੀ. ਡੀ. ਐੱਸ.),ਐੱਫ. ਐੱਸ. ਐੱਲ., ਐੱਨ. ਆਈ. ਏ. ਦੀਆਂ ਟੀਮਾਂ ਨੇ ਸਰਚ ਅਭਿਆਨ ਦੌਰਾਨ ਮੌਕੇ ਤੋਂ ਇਕ ਕਹੀ, ਵਿਸਫੋਟਕ ਪਦਾਰਥ ਦਾ ਕੁਝ ਮਟੀਰੀਅਲ, ਇਕ ਸਮਾਰਟ ਫੋਨ ਬਰਾਮਦ ਕੀਤਾ ਹੈ, ਜਦਕਿ ਇਸ ਪਿੰਡ ਦੇ ਅੱਡੇ 'ਤੇ ਸਥਿਤ ਹਰਜੀਤ ਸਿੰਘ ਨਾਂ ਦੇ ਵਿਅਕਤੀ ਦੇ ਘਰੋਂ ਗੁਰਜੰਟ ਸਿੰਘ ਦਾ ਇਕ ਸਪਲੈਂਡਰ ਮੋਟਰਸਾਈਕਲ, ਇਕ ਡਬਲ ਬੈਰਲ ਰਾਈਫਲ, 12 ਜ਼ਿੰਦਾ ਕਾਰਤੂਸ, ਇਕ-ਇਕ ਰੁਪਏ ਵਾਲੇ 78 ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਪਰ ਸੂਤਰਾਂ ਤੋਂ ਇਹ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ ਹੈ ਕਿ ਹਰਜੀਤ ਸਿੰਘ ਦੇ ਖਾਤੇ 'ਚ ਪਿਛਲੇ ਕੁਝ ਸਮੇਂ 'ਚ ਵਿਦੇਸ਼ਾਂ ਤੋਂ ਫੰਡਿੰਗ ਵੀ ਹੋ ਚੁੱਕੀ ਹੈ, ਜਿਸ ਦੇ ਤਾਰ ਦੇਸ਼ ਵਿਰੋਧੀ ਏਜੰਸੀਆਂ ਨਾਲ ਜੁੜੇ ਹੋਣ ਦੇ ਸ਼ੱਕ ਨੂੰ ਲੈ ਕੇ ਪੁਲਸ ਉਸ ਦੀ ਤਹਿ ਤੱਕ ਜਾ ਰਹੀ ਹੈ ਪਰ ਹਰਜੀਤ ਸਿੰਘ ਪੁਲਸ ਦੀ ਗ੍ਰਿਫਤ ਤੋਂ ਫਰਾਰ ਦੱਸਿਆ ਜਾ ਰਿਹਾ ਹੈ।


author

Gurminder Singh

Content Editor

Related News