ਭਿਖਾਰੀ ਕਤਲ ਮਾਮਲੇ 'ਚ ਬੋਲੇ ਦੋਸ਼ੀ, 'ਸਾਡੇ ਤੋਂ ਹੋ ਗਈ ਗਲਤੀ ਸਾਨੂੰ ਗੋਲੀ ਮਾਰ ਦਿਉ'
Wednesday, Dec 11, 2019 - 01:32 PM (IST)
ਤਰਨਤਾਰਨ (ਰਮਨ) : ਪਿੰਡ ਬੂਹ ਨਜ਼ਦੀਕ ਬੀਤੀ 5 ਦਸੰਬਰ ਦੀ ਰਾਤ ਨੂੰ ਇਕ ਕੋਲਡ ਡਰਿੰਕ ਹੋਲਸੇਲਰ ਸਮੇਤ ਤਿੰਨ ਵਿਅਕਤੀਆਂ ਨੇ ਕਰੋੜ ਰੁਪਏ ਦਾ ਇੰਸ਼ੋਰੈਂਸ ਕਲੇਮ ਲੈਣ ਦੀ ਖਾਤਰ ਇਕ ਬੇਕਸੂਰ ਭਿਖਾਰੀ ਨੂੰ ਕਤਲ ਕਰਦੇ ਹੋਏ ਉਸ ਦੀ ਲਾਸ਼ ਨੂੰ ਅੱਗ ਨਾਲ ਸਾੜ ਦਿੱਤਾ ਗਿਆ ਸੀ ਜਿਸ ਕੇਸ ਦੀ ਗੁੱਥੀ ਨੂੰ ਜ਼ਿਲਾ ਪੁਲਸ ਵਲੋਂਂ ਸੁਲਝਾਉਂਦੇ ਹੋਏ ਹੱਤਿਆਕਾਂਡ 'ਚ ਸ਼ਾਮਲ ਕੁਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਕ ਘਟਨਾ ਨੂੰ ਅੰਜਾਮ ਦੇਣ ਉਪਰੰਤ ਆਪਣੀ ਪਛਾਣ ਛੁਪਾਉਣ ਲਈ ਅਨੂਪ ਸਿੰਘ ਵੱਲੋਂ ਕਟਵਾਏ ਗਏ ਕੇਸਾਂ ਸਬੰਧੀ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸੋਂ ਕਾਰਵਾਈ ਕਰਨ ਸਬੰਧੀ ਮੰਗ ਕੀਤੀ ਗਈ ਹੈ। ਮੁਲਜ਼ਮਾਂ ਅਨੂਪ ਸਿੰਘ, ਕਰਨਦੀਪ ਸਿੰਘ ਵੱਲੋਂ ਲਾਲਚ ਦੀ ਖਾਤਰ ਕੀਤੇ ਕਤਲ ਤੋਂ ਬਾਅਦ ਹੁਣ ਪਛਤਾਵਾ ਹੋ ਰਿਹਾ ਹੈ। ਅੱਜ ਅਨੂਪ ਸਿੰਘ ਅਤੇ ਉਸ ਦਾ ਭਰਾ ਕਰਨਦੀਪ ਸਿੰਘ ਹਵਾਲਾਤ ਅੰਦਰ ਪ੍ਰਮਾਤਮਾ ਪਾਸੋਂ ਜਲਦ ਆਪਣੀ ਮੌਤ ਦੀ ਮੰਗ ਕਰ ਰਹੇ ਹਨ। ਦੋਵੇਂ ਭਰਾ ਪੁਲਸ ਮੁਲਾਜ਼ਮਾਂ ਨੂੰ ਦਿਨ ਰਾਤ ਇਹ ਕਹਿ ਰਹੇ ਹਨ ਉਨ੍ਹਾਂ ਤੋਂ ਵੱਡੀ ਗਲਤੀ ਹੋ ਗਈ, ਸਾਨੂੰ ਗੋਲੀ ਮਾਰ ਦਿਉ।
ਭਿਖਾਰੀ ਦੀ ਲਾਸ਼ ਦਾ ਕਰਵਾਇਆ ਅੰਤਿਮ ਸੰਸਕਾਰ
ਥਾਣਾ ਹਰੀਕੇ ਪੱਤਣ ਦੇ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ 72 ਘੰਟੇ ਬੀਤ ਜਾਣ ਦੇ ਬਾਵਜੂਦ ਮ੍ਰਿਤਕ ਦੀ ਪਛਾਣ ਸਬੰਧੀ ਕੋਈ ਵੀ ਉਨ੍ਹਾਂ ਪਾਸ ਨਹੀ ਪੁੱਜਾ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਦੇ ਹੁਕਮਾਂ ਹੇਠ ਬਣਾਏ ਗਏ ਡਾਕਟਰਾਂ ਦੀ ਤਿੰਨ ਮੈਂਬਰੀ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਗਿਆ। ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਦੁਰਗਿਆਣਾ ਮੰਦਰ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਲਾਸ਼ ਦਾ ਅੰਤਿਮ ਸੰਸਕਾਰ ਪੂਰੀ ਵਿਧੀ ਅਨੁਸਾਰ ਕਰਵਾ ਦਿੱਤਾ ਗਿਆ ਹੈ ਜਿਸ ਸਬੰਧੀ ਉਨ੍ਹਾਂ ਨੇ ਸਾਰੇ ਸਬੂਤ ਆਪਣੇ ਕੋਲ ਇਕੱਠੇ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਪਾਸੋਂ ਹੱਤਿਆਕਾਂਡ 'ਚ ਵਰਤੇ ਗਏ ਉਸਤਰੇ, ਗੰਡਾਸੀ, ਦਾਤਰ ਅਤੇ ਦੋ ਗੱਡੀਆਂ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ ।
ਪੁਲਸ ਨੂੰ ਹੋਰ ਸਬੂਤਾਂ ਦੀ ਹੈ ਭਾਲ : ਐੱਸ.ਪੀ. ਵਾਲੀਆ
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਅਨੂਪ ਸਿੰਘ ਵੱਲੋਂ 36 ਲੱਖ ਰੁਪਏ ਦੀ ਕਰਵਾਈ ਇੰਸ਼ੋਰੈਂਸ ਅਤੇ ਵਪਾਰ ਲਈ ਲਏ 75 ਲੱਖ ਰੁਪਏ ਦੇ ਕਰਜ਼ੇ ਸਬੰਧੀ ਸਾਰੇ ਦਸਤਾਵੇਜ਼ ਬਰਾਮਦ ਕਰਨੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਵੱਲੋਂ ਅੱਜ ਲਾਸ਼ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੇਸ ਨਾਲ ਸਬੰਧਤ ਹੋਰ ਸਬੂਤਾਂ ਦੀ ਭਾਲ ਲਈ ਅਗਲੇਰੀ ਕਾਰਵਾਈ ਜਾਰੀ ਕਰ ਦਿੱਤੀ ਗਈ ਹੈ।