ਮਾਮਲਾ ਔਰਤ ਦਾ ਕਤਲ ਕਰ ਲਾਸ਼ ਦਰਿਆ ’ਚ ਸੁੱਟਣ ਦਾ, ਚਾਰੇ ਮੁਲਜ਼ਮ ਗ੍ਰਿਫ਼ਤਾਰ

03/08/2020 5:37:03 PM

ਤਰਨਤਾਰਨ (ਰਮਨ ਚਾਵਲਾ) - ਜ਼ਿਲਾ ਤਰਨਤਾਰਨ ਦੇ ਥਾਣਾ ਸਰਹਾਲੀ ਦੀ ਪੁਲਸ ਵਲੋਂ ਇਕ ਵਿਆਹੀ ਔਰਤ ਦਾ ਕਤਲ ਕਰ ਉਸਦੀ ਲਾਸ਼ ਨੂੰ ਹਰੀਕੇ ਦਰਿਆ ’ਚ ਸੁੱਟਣ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਕਾਬੂ ਕੀਤੇ ਮੁਲਜ਼ਮਾਂ, ਜਿਨ੍ਹਾਂ ’ਚ 1 ਔਰਤ ਵੀ ਸ਼ਾਮਲ ਹੈ, ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕਰ ਕੇ ਮ੍ਰਿਤਕ ਔਰਤ ਦੀ ਲਾਸ਼ ਸਬੰਧੀ ਭਾਲ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ (28) ਪੁੱਤਰੀ ਸਵਿੰਦਰ ਸਿੰਘ ਨਿਵਾਸੀ ਨੌਸ਼ਹਿਰਾ ਪੰਨੂੰਆਂ ਦਾ ਵਿਆਹ ਕਰੀਬ 9 ਸਾਲ ਪਹਿਲਾਂ ਬਲਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਡੱਬਰ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਨਾਲ ਹੋਇਆ ਸੀ। ਆਪਣੇ ਛੋਟੇ ਬੱਚੇ ਜੁਗਰਾਜ ਸਿੰਘ (7) ਨਾਲ ਪੇਕੇ ਪਿੰਡ ਨੌਸ਼ਹਿਰਾ ਪੰਨੂੰਆਂ ਵਿਖੇ ਕਿਰਾਏ ਦੇ ਕੁਆਰਟਰਾਂ ’ਚ ਰਹਿਣ ਵਾਲੀ ਕੁਲਵਿੰਦਰ ਕੌਰ ਦਾ ਸੀਮਾ ਪਤਨੀ ਸੰਦੀਪ ਸਿੰਘ, ਬਲਜੀਤ ਸਿੰਘ ਉਰਫ ਰੋਮੀ ਪੁੱਤਰ ਗੁਰਮੇਜ ਸਿੰਘ, ਅਮਨਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਅਤੇ ਹਰਜੀਤ ਸਿੰਘ ਉਰਫ ਬਿੱਟੂ ਪੁੱਤਰ ਜੋਗਿੰਦਰ ਸਿੰਘ ਨਾਲ ਦੋਸਤੀ ਹੋ ਗਈ। ਜੋ ਕੁਲਵਿੰਦਰ ਕੌਰ ਅਤੇ ਉਸ ਦੇ ਬੱਚੇ ਨੂੰ ਕਰੀਬ 8 ਮਹੀਨੇ ਪਹਿਲਾਂ ਭਜਾ ਕੇ ਲੈ ਗਏ ਸਨ, ਜਿਸ ਸਬੰਧੀ ਪੰਚਾਇਤ ’ਚ ਕਈ ਮੀਟਿੰਗਾਂ ਹੋਈਆਂ ਪਰ ਕੁਲਵਿੰਦਰ ਕੌਰ ਦੇ ਪਿਤਾ ਸਵਿੰਦਰ ਸਿੰਘ ਨੂੰ ਕੋਈ ਇਨਸਾਫ ਨਹੀਂ ਮਿਲਿਆ।

ਕਰੀਬ 8 ਮਹੀਨੇ ਤੋਂ ਜਾਰੀ ਰਹੀ ਇਸ ਦੋਸਤੀ ਨੂੰ ਖਤਮ ਕਰਨ ਲਈ ਅਮਨਦੀਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਆਪਣੇ ਦੋਸਤਾਂ ਬਲਜੀਤ ਸਿੰਘ ਰੋਮੀ, ਹਰਜੀਤ ਸਿੰਘ ਅਤੇ ਸੀਮਾ ਨਾਲ ਮਿਲ ਕੇ 1 ਮਾਰਚ ਨੂੰ ਹਰੀਕੇ ਪੱਤਣ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਦਰਿਆ ’ਚ ਸੁੱਟ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਕੁਲਵਿੰਦਰ ਕੌਰ ਦੇ 7 ਸਾਲ ਦੇ ਜੁਗਰਾਜ ਸਿੰਘ ਨੇ ਆਪਣੀ ਅੱਖੀਂ ਵੇਖੀ, ਜੋ ਭੱਜ ਕੇ ਇਕ ਦੁਕਾਨ ’ਚ ਲੁਕ ਗਿਆ ਸੀ।

ਪੁਲਸ ਨੇ ਸਹਿਮੇ ਹੋਏ ਬੱਚੇ ਨੂੰ ਲਿਆ ਕਬਜ਼ੇ ’ਚ
ਮ੍ਰਿਤਕ ਕੁਲਵਿੰਦਰ ਕੌਰ ਦਾ ਜੁਗਰਾਜ ਸਿੰਘ (7) ਬੇਟਾ ਜੋ ਘਟਨਾ ਨੂੰ ਅੰਜਾਮ ਦਿੱਤੇ ਜਾਣ ਸਮੇਂ ਵੇਖ ਰਿਹਾ ਸੀ, ਡਰ ਨਾਲ ਸਹਿਮ ਕੇ ਮੌਕੇ ਤੋਂ ਭੱਜ ਗਿਆ, ਜਿਸ ਨੇ ਕਤਲ ਕਰਨ ਵਾਲੇ ਸਾਰੇ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ। ਜਦੋਂ ਜੁਗਰਾਜ ਸਿੰਘ ਆਪਣੀ ਮਾਂ ਦਾ ਕਤਲ ਹੁੰਦਾ ਵੇਖ ਰਿਹਾ ਸੀ ਤਾਂ ਉਸੇ ਦੌਰਾਨ ਕੁਲਵਿੰਦਰ ਕੌਰ ਦੀ ਲਾਸ਼ ਨੂੰ ਦਰਿਆ ’ਚ ਸੁੱਟ ਮੁਲਜ਼ਮ ਫਰਾਰ ਹੋ ਗਏ। ਇਸ ਘਟਨਾ ਦੀ ਸਾਰੀ ਜਾਣਕਾਰੀ ਜੁਗਰਾਜ ਸਿੰਘ ਨੇ ਸਹਿਮੇ ਹੋਣ ਦੌਰਾਨ ਇਕ ਵਿਅਕਤੀ ਨੂੰ ਦਿੱਤੀ, ਜਿਸ ਨੇ ਇਸ ਬੱਚੇ ਨੂੰ ਜ਼ਿਲਾ ਫਿਰੋਜ਼ਪੁਰ ਦੇ ਮੱਖੂ ਕਸਬੇ ਵਿਖੇ ਸਥਿਤ ਬਾਲ ਸੁਰੱਖਿਆ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੂੰ ਅੱਜ ਥਾਣਾ ਸਰਹਾਲੀ ਦੀ ਪੁਲਸ ਵਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਕਬਜ਼ੇ ’ਚ ਲੈ ਲਿਆ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੁੰ ਜੁਗਰਾਜ ਸਿੰਘ ਦੇ ਬਿਆਨਾਂ ਨਾਲ ਕੇਸ ਨੂੰ ਹੋਰ ਮਜ਼ਬੂਤ ਕਰਨ ’ਚ ਕਾਫੀ ਮਦਦ ਮਿਲਣ ਦੀ ਆਸ ਹੈ।

ਬਚ ਸਕਦੀ ਸੀ ਕੁਲਵਿੰਦਰ ਦੀ ਜਾਨ
ਮ੍ਰਿਤਕ ਦੇ ਪਿਤਾ ਸਵਿੰਦਰ ਸਿੰਘ ਨਿਵਾਸੀ ਨੌਸ਼ਹਿਰਾ ਪੰਨੂੰਆਂ ਨੇ ਦੱਸਿਆ ਕਿ ਆਪਣੀ ਬੇਟੀ ਅਤੇ ਦੋਹਤਰੇ ਨੂੰ ਅਗਵਾ ਕਰਨ ਸਬੰਧੀ ਉਕਤ ਚਾਰਾਂ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੂੰ ਦਰਖਾਸਤ ਦਿੱਤੀ ਗਈ ਸੀ, ਜਿਸ ਦੌਰਾਨ ਪੁਲਸ ਵਲੋਂ ਜਦੋਂ ਉਕਤ ਮੁਲਜ਼ਮਾਂ ’ਚੋਂ ਕੁਝ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਤਾਂ ਕਸਬਾ ਖੇਮਕਰਨ ਅਤੇ ਹਰੀਕੇ ਨਾਲ ਸਬੰਧਿਤ ਬਿੱਲਾ ਅਤੇ ਸਵਰਨ ਸਿੰਘ ਨੇ ਰਾਜ ਕੁਮਾਰ ਵੇਰਕਾ ਵਿਧਾਇਕ ਦਾ ਲੈਟਰ ਪੈਡ ਵਿਖਾਉਂਦੇ ਹੋਏ ਮੁਲਜ਼ਮਾਂ ਨੂੰ ਪੁਲਸ ਕਬਜ਼ੇ ਤੋਂ ਰਿਹਾਅ ਕਰਵਾ ਲਿਆ। ਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਨੇ ਰੋਂਦੇ ਹੋਏ ਆਪਣੇ ਦੋਹਤਰੇ ਨੂੰ ਛਾਤੀ ਨਾਲ ਲਾਉਂਦੇ ਹੋਏ ਕਿਹਾ ਕਿ ਜੇ ਉਸ ਵੇਲੇ ਪੁਲਸ ਨੇ ਬਿਨਾਂ ਸਿਆਸੀ ਦਬਾਅ ਹੇਠ ਇਹ ਕਾਰਵਾਈ ਕੀਤੀ ਹੁੰਦੀ ਤਾਂ ਮੇਰੀ ਧੀ ਅੱਜ ਜ਼ਿੰਦਾ ਹੋਣੀ ਸੀ।

ਕੋਰਟ ’ਚ ਕੀਤਾ ਜਾਵੇਗਾ ਪੇਸ਼
ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਚੰਦਰ ਕੁਮਾਰ ਭੂਸ਼ਣ ਨੇ ਦੱਸਿਆ ਕਿ ਮ੍ਰਿਤਕ ਲਡ਼ਕੀ ਦੇ ਪਿਤਾ ਸਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਦੇ ਬਿਆਨਾਂ ਹੇਠ ਉਕਤ ਮਹਿਲਾ ਸਮੇਤ ਕੁਲ ਚਾਰ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਕਤਲ ਲਈ ਵਰਤੇ ਗਏ ਡੰਡੇ ਅਤੇ ਲਾਸ਼ ਨੂੰ ਬਰਾਮਦ ਕੀਤਾ ਜਾਵੇਗਾ।


rajwinder kaur

Content Editor

Related News