ਪਰਾਲੀ ਨੂੰ ਅੱਗ ਲਾਉਣ ਸਬੰਧੀ 74 ਮੁਕੱਦਮੇ ਕੀਤੇ ਦਰਜ, 62 ਵਿਅਕਤੀ ਗ੍ਰਿਫਤਾਰ

Friday, Nov 08, 2019 - 02:08 PM (IST)

ਪਰਾਲੀ ਨੂੰ ਅੱਗ ਲਾਉਣ ਸਬੰਧੀ 74 ਮੁਕੱਦਮੇ ਕੀਤੇ ਦਰਜ, 62 ਵਿਅਕਤੀ ਗ੍ਰਿਫਤਾਰ

ਤਰਨਤਾਰਨ (ਰਾਜੂ) : ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਤਹਿਤ ਪਰਾਲੀ ਨੂੰ ਅੱਗ ਲਾਉਣ 'ਤੇ ਰੋਕ ਲਾਈ ਗਈ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਅਤੇ ਐੱਸ. ਪੀ. ਹੈੱਡ ਕੁਆਰਟਰ ਗੌਰਵ ਤੂਰਾ ਦੀ ਨਿਗਰਾਨੀ ਹੇਠ ਪੁਲਸ ਪ੍ਰਸ਼ਾਸਨ ਵਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ।

ਅੱਜ ਏ. ਡੀ. ਸੀ. ਸੰਦੀਪ ਕੁਮਾਰ ਅਤੇ ਐੱਸ. ਪੀ. ਹੈੱਡ ਕੁਆਰਟਰ ਗੌਰਵ ਤੂਰਾ ਵਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਉੱਪਰ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਤੇ ਧੂੰਏਂ ਵਰਗੀਆਂ ਸਥਿਤੀਆਂ ਸੜਕਾਂ 'ਤੇ ਦ੍ਰਿਸ਼ਟੀ ਨੂੰ ਘਟਾ ਦਿੰਦੀਆਂ ਹਨ, ਜਿਸ ਨਾਲ ਸੜਕੀ ਦੁਰਘਟਨਾਵਾਂ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਹੁੰਦੀਆਂ ਹਨ। ਇਸ ਲਈ ਪਰਾਲੀ ਨੂੰ ਅੱਗ ਲਾਉਣ 'ਤੇ ਮੁਕੰਮਲ ਰੋਕ ਲਾਈ ਗਈ ਹੈ ਅਤੇ ਹੁਣ ਤੱਕ ਜ਼ਿਲਾ ਪੁਲਸ ਵਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਵਿਅਕਤੀਆਂ ਖਿਲਾਫ ਵੱਖ-ਵੱਖ ਥਾਣਿਆਂ 'ਚ ਕੁੱਲ 74 ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ 'ਚੋਂ 62 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪਰਾਲੀ ਸਾੜਨ ਤੇ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਖਿਲਾਫ ਸਾਡੀ ਮੁਹਿੰਮ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਖਤਰੇ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਤੇ ਸਵੱਛ ਬਣਾਉਣ ਲਈ ਸਹਿਯੋਗ ਦੇਣ


author

Baljeet Kaur

Content Editor

Related News