ਗਣਤੰਤਰ ਦਿਵਸ ਨੂੰ ਲੈ ਕੇ ਚਾਰ ਥਾਣਿਆਂ ਦੀ ਪੁਲਸ ਨੇ ਦੂਸਰੇ ਦਿਨ ਫਿਰ ਚਲਾਇਆ ਸਰਚ ਅਭਿਆਨ

01/16/2020 11:22:05 AM

ਤਰਨਤਾਰਨ (ਰਮਨ) : ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਸ਼ਾਮ ਪੁਲਸ ਸਬ-ਡਵੀਜ਼ਨ ਤਰਨਤਾਰਨ ਅਧੀਨ ਆਉਂਦੇ ਚਾਰ ਥਾਣਿਆਂ ਦੀ ਪੁਲਸ ਵਲੋਂ ਸ਼ੱਕੀ ਘਰਾਂ ਅਤੇ ਦੁਕਾਨਾਂ ਦੀ ਤਲਾਸ਼ੀ ਲੈਂਦੇ ਹੋਏ ਦੂਸਰੇ ਦਿਨ ਅਚਾਨਕ ਸਰਚ ਅਭਿਆਨ ਚਲਾਇਆ ਗਿਆ, ਜਿਸ ਤਹਿਤ ਪੁਲਸ ਨੇ ਕੁੱਲ 8 ਵਿਅਕਤੀਆਂ ਨੂੰ ਰਾਊਂਡ ਅੱਪ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਅੱਜ ਰਾਤ ਅਚਾਨਕ ਬੋਹੜੀ ਚੌਕ ਵਿਖੇ ਪੁੱਜ ਕੇ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਸਣੇ ਥਾਣਾ ਸਿਟੀ ਮੁਖੀ ਅਤੇ ਹੋਰ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿੱਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਅੱਜ ਦੂਸਰੇ ਦਿਨ ਥਾਣਾ ਸਿਟੀ ਤਰਨਤਾਰਨ, ਥਾਣਾ ਵੈਰੋਵਾਲ, ਥਾਣਾ ਝਬਾਲ ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਪਾਰਟੀ ਵਲੋਂ ਅੱਜ ਸ਼ਾਮ ਨੂੰ ਅਚਾਨਕ ਸਰਚ ਅਭਿਆਨ ਚਲਾਇਆ ਗਿਆ, ਜਿਸ ਦੀ ਅਗਵਾਈ ਉਨ੍ਹਾਂ ਵਲੋਂ ਕੀਤੀ ਗਈ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੁਲਸ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ ਹੈ, ਜਿਸ ਤਹਿਤ ਅੱਜ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਵਲੋਂ ਮੁਹੱਲਾ ਜਸਵੰਤ ਸਿੰਘ 'ਚ ਮੌਜੂਦ ਕੁੱਝ ਸ਼ੱਕੀ ਕਿਸਮ ਦੇ 5 ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ, ਜਿਸ ਤਹਿਤ ਪੁਲਸ ਵਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਵੈਰੋਂਵਾਲ ਦੀ ਪੁਲਸ ਪਾਰਟੀ ਵਲੋਂ ਬੀਤੇ ਦਿਨੀਂ ਹੋਈ ਇਕ ਚੋਰੀ ਦੇ ਸਬੰਧ 'ਚ ਤਿੰਨ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ, ਢੰਡ, ਬਘਿਆੜੀ, ਰੱਖ, ਭੁਸੇ ਆਦਿ 'ਚ ਸਰਚ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਥਾਣਾ ਝਬਾਲ ਅਧੀਨ ਆਉਂਦੇ ਪਿੰਡਾਂ 'ਚ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਕੋਈ ਵੀ ਅਪਰਾਧਿਕ ਕਿਸਮ ਦਾ ਵਿਅਕਤੀ ਹੱਥ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੌਰਾਨ ਰਾਊਂਡ ਅੱਪ ਕੀਤੇ ਗਏ 8 ਵਿਅਕਤੀਆਂ ਦੀ ਬਾਰੀਕੀ ਨਾਲ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਜਨਵਰੀ ਮੌਕੇ ਪੁਲਸ ਪ੍ਰਸ਼ਾਸਨ ਵਲੋਂ ਬੈਂਕਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਬਾਜ਼ਾਰਾਂ, ਚੌਕਾਂ, ਸੜਕਾਂ ਆਦਿ ਵਿਖੇ ਪੁਲਸ ਗਸ਼ਤ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਉਨ੍ਹਾਂ ਦੇ ਇਰਾਦਿਆਂ 'ਚ ਕਦੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।


Baljeet Kaur

Content Editor

Related News