ਤਰਨਤਾਰਨ: ਥਾਣੇਦਾਰ ਨੇ ਜਨਾਨੀ ਨਾਲ ਕੀਤਾ ਜਬਰ-ਜ਼ਨਾਹ, ਝੂਠਾ ਕੇਸ ਅਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
Sunday, Aug 21, 2022 - 09:33 AM (IST)
ਤਰਨਤਾਰਨ (ਰਮਨ) - ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਕੱਚਾ ਪੱਕਾ ਵਿਖੇ ਤਾਇਨਾਤ ਇਕ ਥਾਣੇਦਾਰ ਵਲੋਂ ਮਹਿਲਾ ਨਾਲ ਜਬਰ-ਜ਼ਨਾਹ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਵਾਂਗ ਵਾਇਰਲ ਹੋ ਰਹੀ ਹੈ। ਇਸ ਬਾਬਤ ਇਕ ਸਮਾਜ ਸੇਵੀ ਵਲੋਂ ਪੁਲਸ ਨੂੰ ਦਰਖ਼ਾਸਤ ਦਿੰਦੇ ਹੋਏ ਸਬੰਧਿਤ ਥਾਣੇਦਾਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਫਿਲਹਾਲ ਐੱਸ. ਐੱਸ. ਪੀ. ਨੇ ਸਬੰਧਿਤ ਥਾਣੇਦਾਰ ਨੂੰ ਸਸਪੈਂਡ ਕਰਦੇ ਹੋਏ ਪੁਲਸ ਲਾਈਨ ਵਿਖੇ ਭੇਜਦੇ ਹੋਏ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵਾਪਰੀ ਘਟਨਾ: ਮਾਮੇ ਨੇ ਚਾਕੂ ਨਾਲ ਕੀਤਾ ਭਾਣਜੀ ਦਾ ਕਤਲ, ਲਹੂ-ਲੁਹਾਨ ਮਿਲੀ ਲਾਸ਼
ਜਾਣਕਾਰੀ ਅਨੁਸਾਰ ਥਾਣਾ ਕੱਚਾ ਪੱਕਾ ਵਿਖੇ ਤਾਇਨਾਤ ਥਾਣੇਦਾਰ ਲਖਵਿੰਦਰ ਸਿੰਘ ਇਕ ਘਰ ਅੰਦਰ ਸਿਵਲ ਵਰਦੀ ’ਚ ਦਾਖਲ ਹੁੰਦਾ ਹੈ, ਜੋ ਰਖਵਾਲੀ ਲਈ ਘਰ ’ਚ ਮੌਜੂਦ ਇਕ ਜਨਾਨੀ ਨਾਲ ਜ਼ਬਰਦਸਤੀ ਕਰਨ ਲੱਗ ਜਾਂਦਾ ਹੈ। ਜਿਸ ਤੋਂ ਬਾਅਦ ਉਹ ਘਰ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਚਲਾ ਜਾਂਦਾ ਹੈ। ਇਸ ਸਾਰੇ ਮਾਮਲੇ ਸਬੰਧੀ ਵੀਡੀਓ ਘਰ ’ਚ ਮੌਜੂਦ ਕਿਸੇ ਮੈਂਬਰ ਵਲੋਂ ਚੋਰੀ ਛੁਪੇ ਬਣਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਵਲੋਂ ਘਰੋਂ ਬਾਹਰ ਜਾਣ ਸਮੇਂ ਆਪਣੀ ਜਾਣਕਾਰ ਇਕ ਜਨਾਨੀ ਨੂੰ ਘਰ ਦੀ ਰਖਵਾਲੀ ਲਈ ਪਿੱਛੇ ਛੱਡ ਦਿੱਤਾ ਗਿਆ, ਜਦੋਂ ਉਹ ਵਾਪਸ ਘਰ ਪਰਤੀ ਤਾਂ ਉਸ ਨੇ ਘਰ ਤੋਂ ਬਾਹਰ ਜਾਂਦੇ ਸਮੇਂ ਏ.ਐੱਸ.ਆਈ. ਲਖਵਿੰਦਰ ਸਿੰਘ ਨੂੰ ਵੇਖਿਆ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਮਿਲਿਆ ਸ਼ੱਕੀ ਬੈਗ ; ਪੁਲਸ ਨੇ ਕਿਹਾ- ਮਾਕ ਡਰਿੱਲ
ਜਨਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣੇਦਾਰ ਲਖਵਿੰਦਰ ਸਿੰਘ ਨੇ ਘਰ ’ਚ ਮੌਜੂਦ ਰਖਵਾਲੀ ਲਈ ਛੱਡੀ ਗਈ ਜਨਾਨੀ ਨਾਲ ਜਬਰ ਜ਼ਨਾਹ ਕੀਤਾ ਹੈ। ਜਦੋਂ ਇਸ ਬਾਬਤ ਥਾਣੇਦਾਰ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਉਨ੍ਹਾਂ ਦੋਵਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਦਿਆਲਪੁਰ ਨਿਵਾਸੀ ਜਨਾਨੀ ਨੇ ਦੱਸਿਆ ਕਿ ਥਾਣੇਦਾਰ ਲਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਮਾਜ ਸੇਵੀ ਸੁਖਬੀਰ ਸਿੰਘ ਟਿੱਕਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸਬੰਧਿਤ ਥਾਣੇਦਾਰ ਖ਼ਿਲਾਫ਼ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ
ਇਸ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਾਇਰਲ ਹੋਈ ਅਸ਼ਲੀਲ ਵੀਡੀਓ ਦੇ ਆਧਾਰ ਉੱਪਰ ਉਨ੍ਹਾਂ ਵਲੋਂ ਥਾਣੇਦਾਰ ਲਖਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੀੜਤ ਜਨਾਨੀ ਵਲੋਂ ਦਰਖ਼ਾਸਤ ਮਿਲਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।