ਡਿਊਟੀ ''ਚ ਅਣਗਹਿਲੀ ਵਰਤਣ ''ਤੇ ਥਾਣਾ ਮੁਖੀ ਤੇ ਮੁੱਖ ਮੁਨਸ਼ੀ ''ਤੇ ਡਿੱਗੀ ਗਾਜ

05/11/2019 2:16:34 PM

ਤਰਨਤਾਰਨ (ਰਮਨ) : ਡਿਊਟੀ 'ਚ ਅਣਗਹਿਲੀ ਵਰਤਣ ਕਾਰਨ ਥਾਣਾ ਸਿਟੀ ਦੇ ਮੁਖੀ ਤੇ ਮੁੱਖ ਮੁਨਸ਼ੀ 'ਤੇ ਗਾਜ ਡਿੱਗ ਗਈ ਹੈ, ਜਿਸ ਤਹਿਤ ਇਨ੍ਹਾਂ ਦੋਵਾਂ ਨੂੰ ਐੱਸ. ਐੱਸ. ਪੀ. ਦੇ ਹੁਕਮਾਂ ਰਾਹੀਂ ਲਾਈਨ ਹਾਜ਼ਰ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਚਾਹਲ ਵਲੋਂ ਲਏ ਗਏ ਇਸ ਸਖਤ ਫੈਸਲੇ ਨੂੰ ਵੇਖ ਕੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਕਈ ਤਰ੍ਹਾਂ ਦੀ ਚਰਚਾ ਕੀਤੀ ਜਾ ਰਹੀ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਾਰਕੋਟਿਕ ਸੈੱਲ ਵਲੋਂ 380 ਗ੍ਰਾਮ ਹੈਰੋਇਨ ਬਰਾਮਦਗੀ 'ਚ ਦੋਸ਼ੀ ਖਿਲਾਫ ਥਾਣਾ ਸਿਟੀ ਵਿਖੇ ਬੀਤੇ ਅਪ੍ਰੈਲ ਮਹੀਨੇ 'ਚ ਪਰਚਾ ਦਰਜ ਕੀਤਾ ਗਿਆ ਸੀ। ਇਸ ਬਰਾਮਦਗੀ ਨੂੰ ਸੀਲ ਕਰਦੇ ਹੋਏ ਥਾਣਾ ਸਿਟੀ ਦੇ ਮਾਲਖਾਨੇ 'ਚ ਰੱਖਿਆ ਗਿਆ ਸੀ, ਜਿਸ ਨੂੰ ਐਕਟ ਅਨੁਸਾਰ 72 ਘੰਟਿਆਂ ਤੋਂ ਬਾਅਦ ਪੁਲਸ ਵਿਭਾਗ ਦੀ ਅੰਮ੍ਰਿਤਸਰ ਸਥਿਤ ਲੈਬਾਰਟਰੀ 'ਚ ਜਮ੍ਹਾ ਕਰਵਾਉਣਾ ਹੁੰਦਾ ਹੈ ਪਰ ਇਸ ਨਮੂਨੇ ਨੂੰ ਪੇਸ਼ ਕਰਨ 'ਚ ਕਰੀਬ 50 ਦਿਨ ਲੇਟ ਹੋਣ ਕਾਰਨ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਚਾਹਲ ਅਤੇ ਮੁੱਖ ਮੁਨਸ਼ੀ ਦਰਸ਼ਨ ਸਿੰਘ ਨੂੰ ਡਿਊਟੀ 'ਚ ਕੋਤਾਹੀ ਵਰਤਣ ਤਹਿਤ ਬੀਤੀ ਰਾਤ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਵਲੋਂ ਲਾਈਨ ਹਾਜ਼ਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਇਸ ਹੁਕਮ ਤੋਂ ਬਾਅਦ ਥਾਣਾ ਸਿਟੀ 'ਚ ਨਵੇਂ ਆਏ ਮੁਖੀ ਇੰਸਪੈਕਟਰ ਰਵੀ ਸ਼ੇਰ ਸਿੰਘ ਨੇ ਆਪਣਾ ਚਾਰਜ ਬੀਤੀ ਰਾਤ ਹੀ ਲੈ ਲਿਆ ਹੈ।

ਡਿਊਟੀ 'ਚ ਕੋਤਾਹੀ ਨਹੀਂ ਹੋਵੇਗੀ ਬਰਦਾਸ਼ਤ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਡਿਊਟੀ 'ਚ ਕੋਤਾਹੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਪੋਸਟ 'ਤੇ ਕਿਉਂ ਨਾ ਤਾਇਨਾਤ ਹੋਵੇ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਨੂੰ ਪੂਰੀ ਈਮਾਨਦਾਰੀ ਅਤੇ ਜ਼ਿੰਮੇਵਾਰੀ ਸਮਝ ਕੇ ਕਰਨ।


Baljeet Kaur

Content Editor

Related News