ਐੱਨ. ਆਈ. ਏ. ਟੀਮ ਨੇ ਅੱਜ ਸਰਹੱਦੀ ਇਲਾਕਿਆਂ ''ਚ ਦੌਰਾ ਕਰ ਕੇ ਤੀਸਰੇ ਡਰੋਨ ਦੀ ਸ਼ੁਰੂ ਕੀਤੀ ਭਾਲ

10/25/2019 11:55:41 AM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਕਾਊਂਟਰ ਇੰਟੈਲੀਜੈਂਸ ਟੀਮ ਵਲੋਂ ਸਤੰਬਰ ਮਹੀਨੇ 'ਚ 4 ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਦੌਰਾਨ ਇਹ ਜਾਂਚ ਐੱਨ. ਆਈ. ਏ. ਦੇ ਹੱਥ ਸੌਂਪ ਦਿੱਤੇ ਜਾਣ ਤੋਂ ਬਾਅਦ ਅੱਜ ਟੀਮ ਵਲੋਂ ਜ਼ਿਲਾ ਤਰਨਤਾਰਨ ਦੇ ਕੁੱਝ ਸਰਹੱਦੀ ਇਲਾਕਿਆਂ 'ਚ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਪਰ ਤੀਸਰੇ ਡਰੋਨ ਦੀ ਭਾਲ ਕਰਨ ਲਈ ਦਸਤਕ ਦਿੱਤੀ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐੱਨ. ਆਈ. ਏ. ਟੀਮ ਵਲੋਂ ਇਸ ਜਾਂਚ ਅਤੇ ਛਾਪੇਮਾਰੀ ਦੌਰਾਨ ਇਕ ਹੋਰ ਮੁਲਜ਼ਮ ਨੂੰ ਹਿਰਾਸਤ 'ਚ ਲੈਂਦੇ ਹੋਏ ਕੁਝ ਰਿਕਾਰਡ ਕਬਜ਼ੇ 'ਚ ਲਿਆ ਗਿਆ ਹੈ। ਹਾਲਾਂਕਿ ਇਸ ਦੀ ਕੋਈ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ।

ਜਾਣਕਾਰੀ ਅਨੁਸਾਰ ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਹੋਏ ਬਲਾਸਟ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਕੁਝ ਹੋਰ ਅਹਿਮ ਸੁਰਾਖ ਹੱਥ ਲੱਗਣ ਤੋਂ ਬਾਅਦ ਇਸ ਜ਼ਿਲੇ ਦੇ ਪਿੰਡ ਚੋਹਲਾ ਸਾਹਿਬ ਤੋਂ 4 ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਨਾਲ ਸਬੰਧਿਤ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਉਪਰੰਤ ਵਾਰੀ-ਵਾਰੀ ਪੁਲਸ ਵਲੋਂ ਕੁੱਲ 9 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜੇ ਹੋਣ ਕਾਰਣ ਇਸ ਦੀ ਜਾਂਚ ਐੱਨ. ਆਈ. ਏ. ਦੇ ਹਵਾਲੇ ਕਰ ਦਿੱਤੀ ਗਈ ਸੀ, ਜਿਸ ਦੌਰਾਨ ਟੀਮ ਵਲੋਂ ਸਰਹੱਦੀ ਇਲਾਕੇ ਨਾਲ ਜੁੜੇ ਕਸਬਾ ਝਬਾਲ ਨਜ਼ਦੀਕ ਇਕ ਬੰਦ ਪਏ ਸ਼ੈਲਰ ਅੰਦਰੋਂ ਸੜੇ ਹੋਏ ਡਰੋਨ ਅਤੇ ਇਕ ਹੋਰ ਥਾਂ ਤੋਂ ਦੂਸਰੇ ਡਰੋਨ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ। ਟੀਮ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਸ ਇਲਾਕੇ 'ਚ ਤੀਸਰਾ ਡਰੋਨ ਛੁਪਾਇਆ ਗਿਆ ਹੈ, ਜਿਸ ਦੀ ਭਾਲ ਅੱਜ ਕੀਤੀ ਗਈ ਸੀ ਪਰ ਟੀਮ ਦੇ ਹੱਥ ਕੋਈ ਡਰੋਨ ਨਹੀਂ ਲੱਗਾ।

ਇਸ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅੱਜ ਐੱਨ. ਆਈ. ਏ. ਦੀ 18 ਮੈਂਬਰੀ ਟੀਮ ਵਲੋਂ ਗੁਪਤ ਢੰਗ ਨਾਲ ਫਿਰ ਦਸਤਕ ਦਿੱਤੀ ਗਈ ਹੈ। ਇਹ ਟੀਮ ਅੱਜ ਹਥਿਆਰਾਂ ਦੇ ਮਾਮਲੇ 'ਚ ਗ੍ਰਿਫਤਾਰ ਦੋ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਪਰ ਕਸਬਾ ਝਬਾਲ, ਵੜਿੰਗ, ਮਾਣੋਚਾਹਲ, ਖੇਮਕਰਨ, ਘਰਿੰਡਾ ਵਿਖੇ ਪੁੱਜੀ, ਜਿਸ ਵਲੋਂ ਗ੍ਰਿਫਤਾਰ ਰੋਮਨਦੀਪ ਦੀ ਨਿਸ਼ਾਨਦੇਹੀ ਉੱਪਰ ਸ਼ੈਲਰ ਦੇ ਸਾਰੇ ਹਿੱਸੇ ਨੂੰ ਕਰੀਬ ਇਕ ਘੰਟੇ ਤੱਕ ਦੋਬਾਰਾ ਖੰਘਾਲਿਆ ਗਿਆ। ਕਿਉਂਕਿ ਪਾਕਿਸਤਾਨ ਤੋਂ ਹਥਿਆਰਾਂ ਨੂੰ ਲਿਆਉਣ ਵਾਲੇ ਡਰੋਨ ਨੂੰ ਰੋਮਨਦੀਪ ਨੇ ਬਾਬਾ ਬਲਵੰਤ ਸਿੰਘ ਕੋਲੋਂ ਮੋਟੀ ਰਕਮ ਵਸੂਲਕੇ ਸਾੜਿਆ ਸੀ। ਟੀਮ ਇਸ ਤੋਂ ਬਾਅਦ ਕੁਝ ਹੋਰ ਥਾਵਾਂ 'ਤੇ ਵੀ ਪੁੱਜੀ ਜਿਥੋਂ ਇਕ ਵਿਅਕਤੀ ਨੂੰ ਹਿਰਾਸਤ 'ਚ ਵੀ ਲਏ ਜਾਣ ਦਾ ਪਤਾ ਲੱਗਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਹਿਰਾਸਤ 'ਚ ਲਿਆ ਗਿਆ ਵਿਅਕਤੀ ਦਾ ਹਥਿਆਰਾਂ ਅਤੇ ਡਰੋਨ ਮਾਮਲੇ 'ਚ ਅਹਿਮ ਰੋਲ ਰਹਿ ਚੁੱਕਾ ਹੈ। ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ 4 ਗੱਡੀਆਂ 'ਚ ਪੁੱਜੀ ਐੱਨ. ਆਈ. ਏ. ਟੀਮ ਨੇ ਐੱਸ. ਐੱਸ. ਪੀ. ਧਰੁਵ ਦਹੀਆ ਨਾਲ ਵੀ ਮੁਲਾਕਾਤ ਕੀਤੀ। ਜਿਥੋਂ ਕੁਝ ਰਿਕਾਰਡ ਹਾਸਲ ਕਰ ਥਾਣਾ ਸਦਰ ਤਰਨਤਾਰਨ ਦਾ ਵੀ ਦੌਰਾ ਕੀਤਾ। ਟੀਮ ਨੂੰ ਇਸ ਸਬੰਧੀ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।


Baljeet Kaur

Content Editor

Related News