ਨਗਰ ਕੀਰਤਨ ਦੌਰਾਨ 2 ਟਰਾਲੀਆਂ ''ਚ ਸੀ 4 ਬੋਰੇ ਵਿਸਫੋਟਕ, ਚਸ਼ਮਦੀਦ ਨੇ ਬਿਆਨ ਕੀਤੀ ਦਾਸਤਾਨ

02/10/2020 11:36:24 AM

ਤਰਨਤਾਰਨ (ਰਮਨ ਚਾਵਲਾ) : ਬੀਤੇ ਦਿਨੀਂ ਪਹੂਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਲਈ ਰਵਾਨਾ ਹੋਏ ਨਗਰ ਕੀਰਤਨ 'ਚ ਕੀਤੀ ਜਾ ਰਹੀ ਆਤਿਸ਼ਬਾਜ਼ੀ ਕਾਰਨ ਹੋਏ ਭਿਆਨਕ ਧਮਾਕੇ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ 11 ਨੌਜਵਾਨ ਜ਼ਖਮੀ ਹੋ ਗਏ ਸੀ ਿਜਨ੍ਹਾਂ 'ਚੋਂ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਜ਼ਖਮੀ ਗੁਰਸਿਮਰਨ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਪਹੂਵਿੰਡ ਤੋਂ ਸਵੇਰੇ 10 ਵਜੇ ਨਗਰ ਕੀਰਤਨ ਦਾ ਆਯੋਜਨ ਹੋਇਆ, ਜਿਸ ਤੋਂ ਬਾਅਦ ਸਮੂਹ ਸੰਗਤਾਂ 'ਚ ਭਾਰੀ ਉਤਸ਼ਾਹ ਸੀ। ਇਸ ਨਗਰ ਕੀਰਤਨ 'ਚ ਉਸ ਦੇ ਪਿਤਾ ਅਤੇ ਉਸ ਦੇ ਚਾਚਾ ਸੁਖਰਾਜ ਸਿੰਘ ਪੰਜ ਪਿਆਰਿਆਂ 'ਚ ਸ਼ਾਮਲ ਸਨ। ਗੁਰਸਿਮਰਤ ਨੇ ਦੱਸਿਆ ਕਿ ਉਸ ਦੇ ਸਮੇਤ 6 ਨੌਜਵਾਨ ਟਰੈਕਟਰ ਉੱਪਰ ਸਵਾਰ ਸਨ ਅਤੇ ਇਸ ਨਾਲ ਜੁੜੀ ਛੋਟੀ ਟਰਾਲ਼ੀ 'ਚ ਕਰੀਬ 7-8 ਨੌਜਵਾਨ ਲੋਹੇ ਦੇ ਬਣਾਏ ਹੋਏ ਤੋਪ ਵਰਗੇ ਔਜ਼ਾਰ ਦੀ ਮਦਦ ਨਾਲ ਆਤਿਸ਼ਬਾਜ਼ੀ ਚਲਾ ਰਹੇ ਸਨ। ਇਸ ਟਰਾਲੀ 'ਚ 2 ਵੱਡੇ ਬੋਰੇ ਧਮਾਕਾਖੇਜ਼ ਅਤਿਸ਼ਬਾਜ਼ੀ ਮੌਜੂਦ ਸੀ, ਜਿਸ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਸੀ।

PunjabKesariਗੁਰਸਿਮਰਨ ਨੇ ਦੱਸਿਆ ਕਿ ਉਨ੍ਹਾਂ ਦੀ ਟਰਾਲੀ ਪਿੱਛੇ ਇਕ ਹੋਰ ਟਰਾਲੀ 'ਚ ਵੀ ਇਸੇ ਤਰ੍ਹਾਂ ਦੀ ਆਤਿਸ਼ਬਾਜ਼ੀ ਦਾ ਸਾਮਾਨ ਮੌਜੂਦ ਸੀ ਜੋ ਕਿੱਥੋਂ ਲਿਆਂਦਾ ਗਿਆ ਉਸ ਦਾ ਨਹੀਂ ਪਤਾ। ਪਿੰਡ ਪਹੂਵਿੰਡ ਤੋਂ ਅੱਗੇ ਜਦੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਸੀ ਤਾਂ ਲੋਹੇ ਦਾ ਬਣਾਇਆ ਆਤਿਸ਼ਬਾਜ਼ੀ ਵਾਲਾ ਉਨ੍ਹਾਂ ਦਾ ਔਜ਼ਾਰ ਖਰਾਬ ਹੋਣ ਉਪਰੰਤ ਉਸ ਨੂੰ ਠੀਕ ਵੀ ਕਰਵਾ ਲਿਆ ਗਿਆ ਸੀ। ਪਰ ਪਿੰਡ ਪਲਾਸੌਰ ਨਜ਼ਦੀਕ ਜਦੋਂ ਉਨ੍ਹਾਂ ਦੀ ਟਰਾਲੀ ਪੁੱਜੀ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਉਹ ਸਮੇਤ ਆਪਣੇ ਸਾਥੀਆਂ ਦੇ ਨਾਲ ਜ਼ਮੀਨ 'ਤੇ ਡਿੱਗ ਪਏ। ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ, ਜਿਸ ਤੋਂ ਬਾਅਦ ਉਸ ਦੇ ਚਾਚਾ ਸੋਨੂੰ ਨੇ ਉਸ ਨੂੰ ਆਪਣੀ ਕਾਰ ਜੋ ਨਗਰ ਕੀਰਤਨ ਨਾਲ ਆ ਰਹੀ ਸੀ 'ਚ ਬਿਠਾ ਕੇ ਤੁਰੰਤ ਹਸਪਤਾਲ 'ਚ ਲਿਜਾਇਆ। ਹਸਪਤਾਲ 'ਚ ਜ਼ੇਰੇ ਇਲਾਜ ਗੁਰਸਿਮਰਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਤੋਂ ਵੱਖਰਾ ਹੋ ਗਿਆ ਅਤੇ ਇਸ ਦੇ ਪਿੱਛੇ ਆ ਰਹੀ ਧਮਾਕਾਖੇਜ਼ ਸਮੱਗਰੀ ਵਾਲੀ ਦੂਸਰੀ ਟਰਾਲੀ ਇਸ ਹਾਦਸੇ 'ਚ ਸ਼ਿਕਾਰ ਹੋਣ ਤੋਂ ਬਚ ਗਈ ਨਹੀਂ ਤਾਂ ਹੋਰ ਨੁਕਸਾਨ ਹੋ ਸਕਦਾ ਸੀ। ਗੁਰਸਿਮਰਨ ਸਿੰਘ ਨੇ ਭਵਿੱਖ 'ਚ ਨਗਰ ਕੀਰਤਨ ਦੌਰਾਨ ਆਤਿਸ਼ਬਾਜ਼ੀ ਚਲਾਉਣ ਵਾਲਿਆਂ ਨਾਲ ਜਾਣ ਤੋਂ ਵੀ ਤੌਬਾ ਕੀਤੀ।

PunjabKesari

ਨਾਬਾਲਗਾਂ ਨੂੰ ਬਿਠਾ ਦਿੱਤਾ ਗਿਆ ਬਾਰੂਦ ਦੇ ਢੇਰ ਉੱਪਰ
ਇਸ ਨਗਰ ਕੀਰਤਨ ਦੌਰਾਨ ਹੋਏ ਹਾਦਸੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋ ਟਰਾਲੀਆਂ 'ਚ ਮੌਜੂਦ ਨੌਜਵਾਨਾਂ ਜਿਨ੍ਹਾਂ 'ਚ ਜ਼ਿਆਦਾਤਰ ਨਾਬਾਲਗ ਸਵਾਰ ਸਨ ਨੂੰ ਬਾਰੂਦ ਨਾਲ ਭਰੇ ਬੋਰਿਆਂ ਉੱਪਰ ਬਿਠਾ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਉਸ ਸਮੇਂ ਤੋਂ ਲੈ ਕੇ ਪਿੰਡ ਪਲਾਸੌਰ ਤੱਕ ਪੁੱਜਣ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਅਤੇ ਜਾਂ ਫਿਰ ਪੁਲਸ ਕਰਮਚਾਰੀਆਂ ਵਲੋਂ ਰੋਕਿਆ ਨਹੀਂ ਗਿਆ, ਜਿਸ ਤੋਂ ਬਾਅਦ ਇਕ ਟਰਾਲੀ 'ਚ ਵਿਸਫੋਟ ਹੋਣ ਨਾਲ ਤਿੰਨ ਘਰਾਂ ਦੇ ਚਿਰਾਗ ਬੁਝ ਗਏ ਅਤੇ 11 ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਵਾਪਰੇ ਹਾਦਸੇ 'ਚ ਗੁਰਦੁਆਰਾ ਪ੍ਰਬੰਧਕਾਂ ਦੀ ਵੀ ਗਲਤੀ ਸਾਹਮਣੇ ਆ ਰਹੀ ਹੈ।

PunjabKesariਹਰਮਨ ਦੀ ਹਾਲਤ ਬਹੁਤ ਗੰਭੀਰ ਅਤੇ ਇਕ ਨੇ ਗਵਾਈ ਅੱਖ ਦੀ ਰੌਸ਼ਨੀ
ਇਸ ਦਰਦਨਾਕ ਹਾਦਸੇ ਦੌਰਾਨ ਜਿੱਥੇ ਲੋਹੇ ਦੀ ਟਰਾਲੀ ਦੇ ਪਰਖਚੇ ਉਡ ਗਏ ਉੱਥੇ ਟਰਾਲੀ ਸਵਾਰਾਂ ਦੇ ਅੰਗ ਦੂਰ-ਦੂਰ ਤੱਕ ਫਸਲਾਂ 'ਚ ਜਾ ਡਿੱਗੇ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਇਕੱਠਾ ਕੀਤਾ। ਇਸ ਹਾਦਸੇ 'ਚ ਜ਼ਿਆਦਾ ਗੰਭੀਰ ਜ਼ਖਮੀ ਹਰਮਨ ਸਿੰਘ (15) ਪੁੱਤਰ ਸੁਖਰਾਜ ਸਿੰਘ ਵਾਸੀ ਪਹੂਵਿੰਡ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਕਈ ਬੋਤਲਾਂ ਖੂਨ ਵੀ ਚੜ੍ਹਾਇਆ ਜਾ ਚੁੱਕਾ ਹੈ। ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਜ਼ੇਰੇ ਇਲਾਜ ਗੁਰਸਿਮਰਨ ਸਿੰਘ (17) ਪੁੱਤਰ ਦਿਲਬਾਗ ਸਿੰਘ ਦੀ ਲੱਤ ਉੱਪਰ ਜ਼ਿਆਦਾ ਸੱਟ ਲੱਗੀ ਹੈ ਜਦਕਿ ਇਸ ਦੇ ਚਚੇਰੇ ਭਰਾ ਹਰਨੂਰ ਸਿੰਘ (17) ਪੁੱਤਰ ਸੁਖਰਾਜ ਸਿੰਘ ਵਾਸੀ ਪਹੂਵਿੰਡ ਦੇ ਮੂੰਹ ਅਤੇ ਸਰੀਰ ਉੱਪਰ ਸੱਟਾਂ ਲੱਗੀਆਂ ਹਨ। ਅਜੇਪਾਲ ਸਿੰਘ (16) ਪੁੱਤਰ ਰਣਜੀਤ ਸਿੰਘ ਵਾਸੀ ਮਾੜੀ ਉਦੋਕੇ ਦੀ ਖੱਬੀ ਅੱਖ ਦੀ ਰੌਸ਼ਨੀ ਸਦਾ ਲਈ ਚਲੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲ 'ਚ ਜ਼ੇਰੇ ਇਲਾਜ ਦਵਿੰਦਰ ਸਿੰਘ (17) ਪੁੱਤਰ ਕੁਲਦੀਪ ਸਿੰਘ ਪਹੂਵਿੰਡ, ਨਰੈਣਦੀਪ ਸਿੰਘ (18) ਪੁੱਤਰ ਹੈਪੀ ਸਿੰਘ ਵਾਸੀ ਮਾੜੀ ਉਦੋਕੇ, ਪਰਮਜੋਤ ਸਿੰਘ (17) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਪਹੂਵਿੰਡ, ਅਨਮੋਲਪ੍ਰੀਤ ਸਿੰਘ (20) ਪੁੱਤਰ ਰਣਜੀਤ ਸਿੰਘ ਵਾਸੀ ਭਿੱਖੀਵਿੰਡ, ਸਰਗੁਣ ਸਿੰਘ (18) ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀਮੇਘਾ ਅਤੇ ਸਰਬਜੋਤ ਸਿੰਘ ਵਾਸੀ ਪਲਾਸੌਰ ਦਾ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ।

PunjabKesariਗੰਧਕ ਅਤੇ ਪਟਾਸ ਨਾਲ ਤਿਆਰ ਕੀਤੀ ਗਈ ਸੀ ਆਤਿਸ਼ਬਾਜ਼ੀ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਨਗਰ ਕੀਰਤਨ 'ਚ ਨੌਜਵਾਨਾਂ ਵਲੋਂ ਚਲਾਈ ਜਾ ਰਹੀ ਆਤਿਸ਼ਬਾਜ਼ੀ ਨੂੰ ਗੰਧਕ ਅਤੇ ਪਟਾਸ ਨਾਲ ਦੇਸੀ ਸੇਬੇ ਵਾਲੇ ਬੰਬ 'ਚ ਲਪੇਟ ਕੇ ਰੱਖੀ ਜਾਂਦੀ ਸੀ, ਜਿਸ ਨੂੰ ਲੋਹੇ ਦੀ ਪਾਈਪ ਨਾਲ ਤਿਆਰ ਕੀਤੇ ਗਏ ਤੋਪ ਵਰਗੇ ਔਜ਼ਾਰ 'ਚ ਰੱਖ ਕੇ ਮੋਮਬੱਤੀ ਦੀ ਮਦਦ ਨਾਲ ਚਲਾਇਆ ਜਾਂਦਾ ਸੀ। ਜੋ ਬਹੁਤ ਤੇਜ਼ ਆਵਾਜ਼ ਪੈਦਾ ਕਰਦੀ ਸੀ। ਹੈਰਾਨੀ ਦੀ ਗੱਲ ਹੈ ਕਿ ਬਾਜ਼ਾਰ 'ਚ ਇਸ ਤਰ੍ਹਾਂ ਦੇ ਵਿਸਫੋਟਕ ਪਦਾਰਥਾਂ ਦਾ ਆਸਾਨੀ ਨਾਲ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਜੇ ਇਸ 'ਤੇ ਸਮੇਂ ਸਿਰ ਕਾਬੂ ਪਾਇਆ ਜਾਂਦਾ ਤਾਂ ਅੱਜ ਤਿੰਨਾਂ ਘਰਾਂ ਦੇ ਚਿਰਾਗ ਨਹੀਂ ਬੁਝਦੇ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਦੇ ਸਬ ਇੰਸਪੈਕਟਰ ਪੂਰਨ ਸਿੰਘ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖਿਲਾਫ ਜ਼ੁਰਮ 304-ਏ ਸੈਕਸ਼ਨ 9 ਬੀ ਐਕਸਪਲੋਸਿਵ ਐਕਟ 1884 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News