ਲੁਟੇਰਿਆਂ ਨੇ ਕਾਰ ਸਵਾਰ ਤੋਂ ਸੋਨੇ ਦੇ ਗਹਿਣੇ ਅਤੇ ਨਕਦੀ ਖੋਹੀ
Saturday, Jan 18, 2020 - 11:33 AM (IST)

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਦੇ ਕਸਬਾ ਸੁਰਸਿੰਘ ਵਿਖੇ ਬੀਤੀ ਰਾਤ 4 ਲੁਟੇਰਿਆਂ ਵਲੋਂ ਕਾਰ ਸਵਾਰ ਵਿਅਕਤੀ ਕੋਲੋਂ 3 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਦੀ ਨਕਦੀ ਅਤੇ ਹੋਰ ਜ਼ਰੂਰੀ ਕਾਗਜ਼ਾਤਾਂ ਵਾਲਾ ਬੈਗ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਰਣਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਬਲ੍ਹੇਰ ਰੋਡ ਭਿੱਖੀਵਿੰਡ ਵਿਖੇ ਜਿਊਲਰੀ ਦੀ ਦੁਕਾਨ ਹੈ। ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਆਪਣੀ ਆਈ ਟਵੰਟੀ ਕਾਰ 'ਤੇ ਸਵਾਰ ਹੋ ਕੇ ਵਾਪਸ ਅੰਮ੍ਰਿਤਸਰ ਆਪਣੇ ਘਰ ਜਾ ਰਿਹਾ ਸੀ ਜਦ ਕਸਬਾ ਸੁਰਸਿੰਘ ਕੋਲ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ 4 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਗੱਡੀ ਦੀ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਚਾਬੀ ਕੱਢ ਲਈ ਅਤੇ ਉਸ ਨੂੰ ਵੀ ਬਾਹਰ ਕੱਢ ਲਿਆ। ਇਸ ਦੌਰਾਨ ਉਕਤ ਵਿਅਕਤੀਆਂ ਨੇ ਗੱਡੀ 'ਚੋਂ ਪਿਛਲੀ ਸੀਟ 'ਤੇ ਪਿਆ ਬੈਗ ਜਿਸ 'ਚ 3 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਦੀ ਨਕਦੀ, ਅਸਲਾ ਲਾਇਸੈਂਸ, ਡਰਾਈਵਿੰਗ ਲਾਇਸੈਂਸ ਸੀ, ਚੁੱਕ ਲਿਆ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਿਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।