''ਟਿੱਡੀ ਦਲ'' ਨੇ ਉਡਾਈ ਕਿਸਾਨਾਂ ਦੀ ਨੀਂਦ, ਤਰਨਤਾਰਨ ''ਚ ਦਾਖਲ ਹੋਣ ਦੇ ਮਿਲੇ ਸੰਕੇਤ

Thursday, May 28, 2020 - 12:17 PM (IST)

''ਟਿੱਡੀ ਦਲ'' ਨੇ ਉਡਾਈ ਕਿਸਾਨਾਂ ਦੀ ਨੀਂਦ, ਤਰਨਤਾਰਨ ''ਚ ਦਾਖਲ ਹੋਣ ਦੇ ਮਿਲੇ ਸੰਕੇਤ

ਤਰਨਤਾਰਨ (ਰਮਨ ਚਾਵਲਾ) : ਪੰਜਾਬ ਦੇ ਖੇਤੀ ਬਾੜੀ ਵਿਭਾਗ ਵਲੋਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ 'ਟਿੱਡੀ ਦਲ' ਸਬੰਧੀ ਜ਼ਿਲਾ ਤਰਨਤਾਰਨ ਸਣੇ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਆਦਿ ਜ਼ਿਲਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਪਾਸਿਕਤਾਨ ਨਾਲ ਲੱਗਦੇ ਸਰੱਹਦੀ ਜ਼ਿਲੇ ਅੰਦਰ ਗੁਆਂਢੀ ਦੇਸ਼ ਰਾਹੀਂ ਟਿੱਡੀ ਦਲ ਦੇ ਦਾਖਲ ਹੋਣ ਦੀ ਸੂਚਨਾ ਮਿਲਣ ਨਾਲ ਜ਼ਿਲੇ ਦੇ 61,700 ਕਿਸਾਨ ਪਰਿਵਾਰਾਂ ਦੀ ਨੀਂਦ ਉਡ ਗਈ ਹੈ।

ਵਿਭਾਗ ਕਰ ਰਿਹੈ ਜਾਗਰੂਕ
ਖੇਤੀਬਾੜੀ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਸਰੱਹਦੀ ਪਿੰਡਾਂ ਕਿਸਾਨਾਂ ਨੂੰ 'ਟਿੱਡੀ ਦਲ' (ਵਿਸ਼ੇਸ਼ ਕਿਸਮ ਦਾ ਕੀੜਾ) ਦੀ ਪਛਾਣ ਅਤੇ ਉਸ ਤੋਂ ਬਚਾਓ ਸਬੰਧੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਤੀਬਾੜੀ ਅਫਸਰ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਵਾਲੇ ਪਾਸਿਓਂ ਇਕ ਵਿਸ਼ੇਸ਼ ਕਿਸਮ ਦੇ ਕੀੜੀਆਂ ਦਾ ਝੁੰਡ ਜਿਸ ਨੂੰ ਟਿੱਡੀ ਦਲ ਕਿਹਾ ਜਾਂਦਾ ਹੈ, ਪੰਜਾਬ 'ਚ ਦਾਖਲ ਹੋ ਸਕਦਾ ਹੈ। ਇਹ 'ਟਿੱਡੀ ਦਲ' ਹਰੇ ਪੱਤਿਆਂ ਨੂੰ ਬਹੁਤ ਤੇਜ਼ੀ ਨਾਲ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ 'ਟਿੱਡੀ ਦਲ' ਪਾਕਿਸਤਾਨ 'ਚ ਫਸਲਾਂ ਦਾ ਕਾਫੀ ਨੁਕਸਾਨ ਕਰ ਚੁੱਕਾ ਹੈ ਅਤੇ ਹੁਣ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ 'ਚ ਦਾਖਲ ਹੋ ਫਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਇਸ ਦੇ ਚੱਲਦਿਆਂ ਪੰਜਾਬ ਖੇਤੀਬਾੜੀ ਵਿਭਾਗ ਅਤੇ ਐਗਰੀਕਲਚਰ ਯੂਨੀਵਰਸਟੀ ਵਲੋਂ ਤਰਨਤਾਰਨ ਜ਼ਿਲੇ ਸਣੇ ਕਈ ਹੋਰ ਜ਼ਿਲਿਆਂ ਨੂੰ ਅਲਰਟ ਜਾਰੀ ਕਰਦੇ ਹੋਏ 'ਟਿੱਡੀ ਦਲ' ਦੇ ਸੰਭਾਵਿਤ ਹਮਲੇ ਸਬੰਧੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ 'ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤਹਿਤ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਖਾਸ ਕਰਕੇ ਪਾਕਿਸਤਾਨ ਨਾਲ ਲੱਗਦੀ ਸਰੱਹਦ ਨੇੜੇ ਮੌਜੂਦ ਪਿੰਡਾਂ ਦੀ ਮੌਨੀਟਰਿੰਗ ਕਰਨ 'ਚ ਲੱਗ ਗਈਆਂ ਹਨ।

ਇਹ ਵੀ ਪੜ੍ਹੋ :  ਕੋਰੋਨਾ ਤੋਂ ਬਾਅਦ ਹੁਣ ਲੋਕਾਂ ਦੀ ਲੜਾਈ 'ਟਿੱਡੀ ਦਲ' ਨਾਲ, ਫਸਲਾਂ ਨੂੰ ਹੋਵੇਗਾ ਭਾਰੀ ਨੁਕਸਾਨ

ਜ਼ਿਲਾ ਖੇਤੀਬਾੜੀ ਅਫਸਰ ਕੁਲਜੀਤ ਸਿੰਘ ਨੇ ਦੱਸਿਆ ਕਿ 'ਟਿੱਡੀ ਦਲ' ਝੁੰਡ ਬਣਾ ਕੇ ਬੂਟਿਆਂ ਅਤੇ ਹਰੇ ਪੱਤਿਆਂ 'ਤੇ ਹਮਲਾ ਕਰਦਾ ਹੈ। ਜੋ ਸ਼ਾਮ ਦੇ ਸੱਤ ਵਜੇ ਤੋਂ ਬਾਅਦ ਹਨੇਰਾ ਹੋਣ 'ਤੇ ਇਕ ਥਾਂ ਤੇ ਬੈਠਾ ਰਹਿੰਦਾ ਹੈ, ਜਿਸ ਕਾਰਨ ਇਸ ਨੂੰ ਮਾਰਨ ਲਈ ਕਲੋਰੋਪਾਇਰੀਫੌਸ 20 ਪਰਸੈਂਟ ਦਵਾਈ ਦੀ 1200 ਐੱਮ. ਐੱਲ. ਮਾਤਰਾ 500 ਲੀਟਰ ਪਾਣੀ 'ਚ ਮਿਲਾ ਕੇ ਪ੍ਰਤੀ ਕੈਕਟੇਅਰ ਜ਼ਮੀਨ ਲਈ ਸਪ੍ਰੇਅ ਰਾਹੀਂ ਵਰਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦਵਾਈ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਵਰਤੀ ਜਾ ਸਕਦੀ ਹੈ

ਜ਼ਿਲੇ 'ਚ ਤਾਇਨਾਤ ਕੀਤੀ ਗਈ ਐਕਸ਼ਨ ਪਲਾਨ ਟੀਮ
ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਇਸ ਵਿਸ਼ੇਸ਼ ਕਿਸਮ ਦੇ ਕੀੜੇ ਦੇ ਨੁਕਸਾਨ ਸਬੰਧੀ ਜ਼ਿਲੇ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਵਿਸ਼ੇਸ਼ ਐਕਸ਼ਨ ਪਲਾਨ ਟੀਮ ਦਾ ਗਠਨ ਵੀ ਕੀਤਾ ਗਿਆ ਹੈ, ਜਿਸ 'ਚ ਜ਼ਿਲੇ ਦੇ ਹਰ ਵਿਭਾਗ ਦੇ ਅਧਿਕਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਬਲਦੇਵ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਸੁਬੇਗ ਸਿੰਘ, ਨਰਿੰਦਰ ਸਿੰਘ, ਹਰਜੀਤ ਸਿੰਘ ਨੇ ਦੱਸਿਆ ਕਿ 'ਟਿੱਡੀ ਦਲ' ਨੇ ਉਨ੍ਹਾਂ ਨੂੰ ਚਿੰਤਾ 'ਚ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਕੋਰੋਨਾ ਅਤੇ ਹੁਣ 'ਟਿੱਡੀ ਦਲ' ਨੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਬਚਾਉਣ ਲਈ ਉਚਿੱਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ :  ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਉਮੜਿਆ ਸੈਲਾਬ


author

Baljeet Kaur

Content Editor

Related News