ਜੇਲ ''ਚ ਬੰਦ ਲੜਾਕੂ ਕੁੱਤਿਆਂ ਲਈ ਪੁਲਸ ਕਰ ਰਹੀ ਹੈ ਮਾਸ-ਮੀਟ ਦਾ ਪ੍ਰਬੰਧ

12/04/2019 11:05:49 AM

ਤਰਨਤਾਰਨ (ਰਾਜੂ) : ਖੂੰਖਾਰ ਕੁੱਤਿਆਂ ਦੀ ਨਸਲ ਵਜੋਂ ਜਾਣੇ ਜਾਂਦੇ ਪਿਟਬੁੱਲ ਕੁੱਤਿਆਂ ਦੀ ਆਪਸ 'ਚ ਲੜਾਈ ਕਰਵਾ ਕੇ ਸੱਟਾਂ ਲਾਉਣ ਵਾਲੇ ਦੋ ਵਿਅਕਤੀਆਂ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਭਾਵੇਂ ਦਰਜ ਕੀਤੇ ਕੇਸ ਸਬੰਧੀ ਜ਼ਮਾਨਤ ਤੋਂ ਬਾਅਦ ਛੱਡ ਦਿੱਤਾ ਗਿਆ ਹੈ ਪਰ ਹਵਾਲਾਤ 'ਚ ਬੰਦ ਇਹ ਖੂੰਖਾਰ ਕੁੱਤੇ ਪੁਲਸ ਲਈ ਵੱਡੀ ਸਿਰਦਰਦੀ ਬਣ ਰਹੇ ਹਨ। ਪੁਲਸ ਵਲੋਂ ਜਿੱਥੇ ਇਨ੍ਹਾਂ ਲਈ ਮਾਸ ਮੀਟ ਦੇ ਨਾਲ-ਨਾਲ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਹੀ ਥਾਣੇ 'ਚ ਇਨ੍ਹਾਂ ਦੇ ਭੌਂਕਣ ਦੀਆਂ ਆਵਾਜ਼ਾਂ ਕਾਰਣ ਥਾਣੇ ਦਾ ਮਾਹੌਲ ਬਦਲਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਤੁੜ ਵਿਖੇ ਕੁਝ ਲੋਕਾਂ ਵਲੋਂ ਵਿਦੇਸ਼ੀ ਨਸਲ ਦੇ ਕੁੱਤੇ (ਪਿਟਬੁੱਲ) ਨੂੰ ਆਪਸ 'ਚ ਲੜਵਾ ਕੇ ਇਨ੍ਹਾਂ ਉੱਪਰ ਪੈਸੇ ਲਾ ਕੇ ਜੂਆ ਖੇਡਿਆ ਜਾ ਰਿਹਾ ਸੀ, ਜਿਸ ਦਾ ਪਤਾ ਲੱਗਣ 'ਤੇ ਜਦ ਸਬ ਇੰਸਪੈਕਟਰ ਕੇਵਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਕੁੱਤਿਆਂ ਦੀ ਲੜਾਈ ਕਰਵਾ ਰਹੇ ਦੋ ਲੋਕਾਂ ਬਿਕਰਮਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਅਤੇ ਅੰਮ੍ਰਿਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਸੁਲਤਾਨਵਿੰਡ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਨ੍ਹਾਂ ਦੇ ਕੋਲੋਂ ਦੋ ਵਿਦੇਸ਼ੀ ਨਸਲ ਦੇ ਕੁੱਤੇ, ਨਕਦ ਰਾਸ਼ੀ ਅਤੇ ਟਰਾਫੀਆਂ ਵੀ ਬਰਾਮਦ ਕਰਕੇ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 218 ਪ੍ਰੀਵੈੱਨਸ਼ਨ ਆਫ ਐਨੀਮਲ ਐਕਟ 1960 ਦੀ ਧਾਰਾ 3-ਏ, 4-ਏ, 13/3/67 ਜੀ ਐਕਟ 1867 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ। ਕੁੱਤਿਆਂ ਦੇ ਮਾਲਕਾਂ ਨੂੰ ਤਾਂ ਜ਼ਮਾਨਤ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ ਜਦ ਕਿ ਉਨ੍ਹਾਂ ਕੋਲੋਂ ਬਰਾਮਦ ਵਿਦੇਸ਼ੀ ਨਸਲ ਦੇ ਕੁੱਤਿਆਂ ਦੀ ਸਾਂਭ ਸੰਭਾਲ ਪੁਲਸ ਮੁਲਾਜ਼ਮਾਂ ਨੂੰ ਕਰਨੀ ਪੈ ਰਹੀ ਹੈ। ਪੁਲਸ ਕਰਮਚਾਰੀਆਂ ਵਲੋਂ ਜਿੱਥੇ ਉਨ੍ਹਾਂ ਨੂੰ ਰੋਟੀ ਪਾਣੀ ਦਿੱਤਾ ਜਾ ਰਿਹਾ ਹੈ ਉੱਥੇ ਹੀ ਜੇਬ 'ਚੋਂ ਪੈਸੇ ਖਰਚ ਕੇ ਮਾਸ ਮੀਟ ਵੀ ਲਿਆ ਕੇ ਖੁਆਇਆ ਜਾ ਰਿਹਾ ਹੈ। ਕੁੱਤੇ ਖੂੰਖਾਰ ਹੋਣ ਕਾਰਣ ਇਨ੍ਹਾਂ ਨੂੰ ਹਵਾਲਾਤ 'ਚ ਬੰਦ ਕੀਤਾ ਗਿਆ ਹੈ, ਜਿਸ ਕਾਰਣ ਥਾਣੇ 'ਚੋਂ ਕੁੱਤਿਆਂ ਦੇ ਭੌਂਕਣ ਦੀਆਂ ਆ ਰਹੀਆਂ ਆਵਾਜ਼ਾਂ ਪੁਲਸ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਥਾਣੇ ਦੇ ਪੁਲਸ ਮੁਲਾਜ਼ਮਾਂ ਨੇ ਦੱਬੀ ਜ਼ੁਬਾਨ 'ਚ ਦੱਸਿਆ ਕਿ ਅੱਜ ਸਵੇਰੇ ਇਕ ਕੁੱਤਾ ਉਨ੍ਹਾਂ ਕੋਲੋਂ ਛੁੱਟ ਕੇ ਭੱਜ ਗਿਆ, ਜਿਸ ਨੂੰ ਕਰੀਬ ਪੰਜ ਕਿਲੋਮੀਟਰ ਦੂਰ ਪਿੱਛਾ ਕਰਕੇ ਫੜ ਕੇ ਮੁੜ ਥਾਣੇ ਲਿਆਂਦਾ ਗਿਆ। ਥਾਣੇ ਦੇ ਮੁੱਖ ਮੁਨਸ਼ੀ ਜਸਵੰਤ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਵਾਈਲਡ ਲਾਈਫ ਟੀਮ ਆ ਰਹੀ ਹੈ ਜਿਨ੍ਹਾਂ ਦੇ ਹਵਾਲੇ ਇਹ ਕੁੱਤੇ ਕਰ ਦਿੱਤੇ ਜਾਣਗੇ।


Baljeet Kaur

Content Editor

Related News