ਸ਼ਰਾਬੀ ਵਿਅਕਤੀਆਂ ਨੇ ਡਿਊਟੀ ''ਤੇ ਤਾਇਨਾਤ ASI ਨੂੰ ਮਾਰੀ ਗੋਲੀ
Friday, Dec 27, 2019 - 11:27 AM (IST)
ਤਰਨਤਾਰਨ (ਰਮਨ, ਬਲਵਿੰਦਰ, ਮਿਲਾਪ, ਪਾਠਕ) : ਤਰਨਤਾਰਨ ਅਧੀਨ ਆਉਂਦੇ ਥਾਣਾ ਸਿਟੀ ਪੱਟੀ ਦੀ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਪੀ. ਸੀ. ਆਰ. 'ਚ ਤਾਇਨਾਤ ਏ. ਐੱਸ. ਆਈ. ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਜੁਰਮ ਹੇਠ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗਏ ਮੁਲਜ਼ਮਾਂ 'ਚੋਂ ਇਕ ਆਰਮੀ ਦਾ ਜਵਾਨ ਦੱਸਿਆ ਜਾ ਰਿਹਾ ਹੈ। ਪੁਲਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਇਕ 32 ਬੋਰ ਪਿਸਤੌਲ, 6 ਜ਼ਿੰਦਾ ਰੌਂਦ ਅਤੇ ਇਕ ਖਾਲੀ ਖੋਲ ਸਮੇਤ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਏ. ਐੱਸ. ਆਈ. ਹੀਰਾ ਸਿੰਘ ਸਮੇਤ ਪੁਲਸ ਪਾਰਟੀ ਪੁਲਸ ਸਿਟੀ ਇਲਾਕੇ ਅਧੀਨ ਪੀ. ਸੀ. ਆਰ. ਮੋਟਰਸਾਈਕਲ ਉੱਪਰ ਗਸ਼ਤ ਕਰ ਰਹੇ ਸਨ। ਜਿਨ੍ਹਾਂ ਨੂੰ ਇਤਲਾਹ ਮਿਲੀ ਕੀ ਕੁਝ ਲੋਕ ਆਸਲ ਚੌਕ 'ਚ ਸ਼ਰਾਬੀ ਹਾਲਤ ਦੌਰਾਨ ਹੁੱਲੜਬਾਜ਼ੀ ਕਰ ਰਹੇ ਹਨ। ਐੱਸ. ਪੀ. ਵਾਲੀਆ ਨੇ ਦੱਸਿਆ ਕਿ ਪੀ. ਸੀ. ਆਰ. ਟੀਮ ਤੁਰੰਤ ਮੌਕੇ 'ਤੇ ਪੁੱਜੀ ਅਤੇ ਏ. ਐੱਸ. ਆਈ. ਹੀਰਾ ਸਿੰਘ ਵਲੋਂ ਸ਼ਰਾਬੀ ਹਾਲਤ 'ਚ ਟੁੰਨ ਵਿਅਕਤੀ ਦਾ ਨਾਮ ਪੁੱਛਣ 'ਤੇ ਉਸ ਨੇ ਆਪਣੀ ਪਛਾਣ ਗੁਰਭੇਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਆਸਲ ਐਕਸ ਸਰਵਿਸਮੈਨ ਅਤੇ ਦੂਸਰੇ ਦੀ ਗੁਰਸੇਵਕ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬਾਬਾ ਜੀਵਨ ਸਿੰਘ ਬਸਤੀ, ਪੱਟੀ ਫੌਜ 'ਚ ਰਾਜੌਰੀ ਿਵਖੇ ਤਾਇਨਾਤ ਜਵਾਨ ਵਜੋਂ ਹੋਈ। ਜਦੋਂ ਪੁਲਸ ਪਾਰਟੀ ਨੇ ਇਨ੍ਹਾਂ ਦੋਵਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਤਾਂ ਗੁਰਭੇਜ ਸਿੰਘ ਨੇ ਆਪਣੀ ਦਸਤੀ ਪਿਸਤੌਲ ਨਾਲ ਏ. ਐੱਸ. ਆਈ. ਹੀਰਾ ਸਿੰਘ ਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੇ ਸਿਰ ਉੱਪਰੋਂ ਨਿਕਲ ਗਈ। ਇਸ ਤੋਂ ਬਾਅਦ ਦੋਵੇਂ ਵਿਅਕਤੀ ਏ. ਐੱਸ. ਆਈ. ਨਾਲ ਹੱਥੋਪਾਈ ਹੋਣ ਲੱਗ ਪਏ ਅਤੇ ਗਾਲੀ-ਗਲੋਚ ਕਰਨ ਲੱਗ ਪਏ। ਐੱਸ. ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਸ ਦੀ ਡਿਉੂਟੀ 'ਚ ਵਿਘਨ ਪਾਉਣ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਉਣ ਦੇ ਜੁਰਮ ਹੇਠ ਦੋਵਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇਕ ਮੁਲਜ਼ਮ ਜੋ ਰਾਜੌਰੀ ਸੈਕਟਰ ਵਿਖੇ ਆਰਮੀ ਦਾ ਜਵਾਨ ਹੈ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਏ. ਐੱਸ. ਆਈ. ਹੀਰਾ ਸਿੰਘ ਅਤੇ ਪੀ. ਆਰ. ਉ. ਜਗਦੀਪ ਸਿੰਘ ਵੀ ਹਾਜ਼ਰ ਸਨ।