ਤਰਨਤਾਰਨ ''ਚ ਡਾਕਟਰ ਤੇ ਕੈਦੀ ਹੋਇਆ ਕੋਰੋਨਾ ਦਾ ਸ਼ਿਕਾਰ
Tuesday, Jun 23, 2020 - 11:49 AM (IST)
ਤਰਨਤਾਰਨ (ਰਮਨ ਚਾਵਲਾ) : ਜ਼ਿਲੇ ਅੰਦਰ ਬੀਤੇ ਕੱਲ 2 ਹੋਰ ਨਵੇਂ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ਨਾਲ ਕੋਰੋਨਾ ਪੀੜਤਾਂ ਦਾ ਗ੍ਰਾਫ ਦਿਨ-ਬਾ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਪੀੜਤਾਂ 'ਚ ਇਕ ਸਬ ਜੇਲ ਪੱਟੀ ਦਾ ਕੈਦੀ ਅਤੇ ਇਕ ਕਲੀਨਿਕ ਚਲਾਉਣ ਵਾਲਾ ਡਾਕਟਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਵਲੋਂ ਕੋਰੋਨਾ ਮੁਕਤ ਹੋਏ ਕੁੱਲ ਤਿੰਨ ਵਿਅਕਤੀਆਂ ਨੂੰ ਘਰ 'ਚ ਇਕਾਂਤਵਾਸ ਰਹਿਣ ਸਬੰਧੀ ਹੁਕਮ ਜਾਰੀ ਕਰਦੇ ਹੋਏ ਰਵਾਨਾ ਕੀਤਾ ਗਿਆ ਹੈ। ਜਿਸ ਤਹਿਤ ਜ਼ਿਲ੍ਹੇ 'ਚ ਹੁਣ 18 ਐਕਟੀਵ ਮਰੀਜ਼ ਮੌਜੂਦ ਹਨ।
ਇਹ ਵੀ ਪੜ੍ਹੋਂ : ਨਹਿਰ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਮੌਤ
ਜਾਣਕਾਰੀ ਅਨੁਸਾਰ ਪਿੰਡ ਚੱਕ ਕਰੇ ਖਾਂ ਦਾ ਨਿਵਾਸੀ 51 ਸਾਲਾਂ ਵਿਅਕਤੀ ਜੋ ਬੀ. ਏ. ਐੱਮ. ਐੱਸ. ਡਾਕਟਰ ਹੈ ਅਤੇ ਪਿੰਡ 'ਚ ਹੀ ਪ੍ਰੈਕਟਿਸ ਕਰਦਾ ਹੈ। ਬੀਤੇ ਕੁਝ ਦਿਨ ਪਹਿਲਾਂ ਇਸ ਵਿਅਕਤੀ ਦੇ ਭਰਾ ਜੋ ਪੰਜਾਬ ਪੁਲਸ ਦਾ ਥਾਣੇਦਾਰ ਹੈ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ। ਜਿਸ ਤਹਿਤ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆ ਗਈ ਜਦਕਿ ਉਕਤ ਡਾਕਟਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਇਸ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋਂ : ਹੁਣ ਪੰਜਾਬ 'ਚ ਰੋਜ਼ਾਨਾ ਹੋਣਗੇ 13,000 ਟੈਸਟ, ਨਵੀਂਆਂ ਲੈਬਾਰਟਰੀਆਂ ਨੂੰ ਮਨਜ਼ੂਰੀ
ਇਸੇ ਤਰ੍ਹਾਂ ਪੱਟੀ ਸਬ ਜੇਲ ਦੇ ਇਕ ਕੈਦੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਜਿਸ ਨੂੰ ਅੰਮ੍ਰਿਤਸਰ ਵਿਖੇ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਐੱਸ. ਐੱਮ. ਓ. ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਬੀਤੇ ਦਿਨੀਂ ਕਸਬਾ ਭਿੱਖੀਵਿੰਡ ਦੇ ਨਿਵਾਸੀ ਕੋਰੋਨਾ ਪੀੜਤ ਰਮਨ ਕੁਮਾਰ, ਪਿੰਡ ਏਕਲ ਗੱਡਾ ਦੀ ਨਿਵਾਸੀ ਪਿਆਰ ਕੌਰ ਅਤੇ ਪਿੰਡ ਵੈਰੋਵਾਲ ਨਿਵਾਸੀ ਪਰਮਜੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਜਾਣ ਤੋਂ ਬਾਅਦ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਲ਼ਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੇ ਕੋਰੋਨਾ ਮੁਕਤ ਹੋਣ ਉਪਰੰਤ ਬੀਤੇ ਕੱਲ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਕੋਰੋਨਾ ਮੁਕਤ ਹੋਏ ਵਿਅਕਤੀਆਂ ਵਲੋਂ ਸਿਹਤ ਵਿਭਾਗ ਦਾ ਵਿਸ਼ੇਸ਼ ਤੌਰ ਦੇ ਧੰਨਵਾਦ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਅੰਦਰ ਹੁੱਣ ਐਕਟੀਵ ਕੇਸਾਂ ਦੀ ਗਿਣਤੀ 18 ਹੋ ਗਈ ਹੈ। ਇਸ ਮੌਕੇ ਨਰਸਿੰਗ ਸਿਸਟਰ ਕੁਲਵੰਤ ਸਿਘ, ਯੋਗੇਸ਼ ਸ਼ਰਮਾ, ਡਰਾਈਵਰ ਦਲਜੀਤ ਸਿੰਘ ਆਦਿ ਹਾਜ਼ਰ ਸਨ।