ਤਰਨਤਾਰਨ : ਡੇਰਾ ਬਾਬਾ ਜੀਵਨ ਸਿੰਘ ''ਚੋਂ ਲੁੱਟੇ 1.66 ਕਰੋੜ ਬਰਾਮਦ

Saturday, Mar 07, 2020 - 01:12 PM (IST)

ਤਰਨਤਾਰਨ : ਡੇਰਾ ਬਾਬਾ ਜੀਵਨ ਸਿੰਘ ''ਚੋਂ ਲੁੱਟੇ 1.66 ਕਰੋੜ ਬਰਾਮਦ

ਤਰਨਤਾਰਨ/ਅੰਮ੍ਰਿਤਸਰ (ਰਮਨ/ਅਰੁਣ) : ਤਰਨਤਾਰਨ ਵਿਖੇ ਸਥਿਤ ਬਾਬਾ ਜੀਵਨ ਸਿੰਘ ਡੇਰਾ ਜਿਸ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਚਲਾ ਰਹੇ ਹਨ, ਵਿਖੇ 24 ਫਰਵਰੀ ਦੀ ਰਾਤ ਨੂੰ ਅਣਪਛਾਤੇ ਲੁਟੇਰੇ ਡੇਰੇ ਦੇ ਖਜ਼ਾਨਚੀ ਅਤੇ ਇਕ ਸੇਵਾਦਾਰ ਨੂੰ ਬੰਦਕ ਬਣਾਉਂਦੇ ਹੋਏ ਕਰੀਬ 1.66 ਕਰੋੜ ਰੁਪਏ ਦੀ ਰਾਸ਼ੀ ਲੁੱਟ ਕੇ ਫਰਾਰ ਹੋ ਗਏ ਸਨ। ਇਸ ਕੇਸ ਨੂੰ ਤਰਨਤਾਰਨ ਪੁਲਸ ਨੇ ਅੰਮ੍ਰਿਤਸਰ ਪੁਲਸ ਦੀ ਮਦਦ ਨਾਲ ਕੁੱਝ ਦਿਨਾਂ ਅੰਦਰ ਹੱਲ ਕਰਦੇ ਹੋਏ ਕੁੱਲ 6 ਮੁਲਜ਼ਮਾਂ ਨੂੰ ਲੁੱਟੀ ਹੋਈ ਸਾਰੀ ਰਾਸ਼ੀ ਸਮੇਤ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੋਵਾਂ ਜ਼ਿਲਿਆਂ ਦੀਆਂ ਪੁਲਸ ਟੀਮਾਂ ਨੂੰ ਵਧਾਈ ਵੀ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਬਣਾਈ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੇ ਇਸ ਲੁੱਟ 'ਚ ਸ਼ਾਮਲ ਕੁੱਲ 6 ਮੁਲਜ਼ਮਾਂ ਨੂੰ ਅੰਮ੍ਰਿਤਸਰ ਪੁਲਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਜਿਸ ਦੌਰਾਨ ਇਸ ਲੁੱਟ 'ਚ ਸ਼ਾਮਲ ਡੇਰੇ ਦੇ ਡਰਾਈਵਰ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਸੰਘਾ (ਤਰਨਤਾਰਨ), ਸੁਖਚੈਣ ਸਿੰਘ ਉਰਫ ਚੈਨਾ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਖੁਰਮਨੀਆਂ (ਅੰਮ੍ਰਿਤਸਰ), ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਦਲਬੀਰ ਸਿੰਘ ਪਿੰਡ ਕੰਬੋਅ (ਅੰਮ੍ਰਿਤਸਰ), ਤਰਸੇਮ ਸਿੰਘ ਉਰਫ ਗਰੋਟਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਖੁਰਮਨੀਆਂ (ਅੰਮ੍ਰਿਤਸਰ), ਸੁਖਵਿੰਦਰ ਸਿੰਘ ਉਰਫ ਬਾਬਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਖੁਰਮਨੀਆਂ (ਅੰਮ੍ਰਿਤਸਰ) ਅਤੇ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਰਸੇਮ ਸਿੰਘ ਵਾਸੀ ਖੁਰਮਨੀਆਂ (ਅੰਮ੍ਰਿਤਸਰ) ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਡੀ. ਐੱਸ. ਪੀ. ਸੁੱਚਾ ਸਿੰਘ ਬੱਲ, ਡੀ. ਐੱਸ. ਪੀ. ਹਰੀਸ਼ ਬਹਿਲ, ਡੀ. ਐੱਸ. ਪੀ. ਪ੍ਰਵੇਸ਼ ਚੋਪੜਾ, ਏ. ਐੱਸ. ਪੀ. ਤੁਸ਼ਾਰ ਗੁਪਤਾ ਅਤੇ ਸਬ ਇੰਸਪੈਕਟਰ ਮਨਮੋਹਨ ਸਿੰਘ ਵੱਲੋਂ ਕੀਤੀ ਮਿਹਨਤ ਦੌਰਾਨ ਤਰਨਤਾਰਨ ਪੁਲਸ ਨੇ 1.33 ਕਰੋੜ ਰੁਪਏ ਜਦਕਿ ਅੰਮ੍ਰਿਤਸਰ ਦੇ ਏ. ਸੀ. ਪੀ. ਦੇਵ ਦੱਤ ਸ਼ਰਮਾ ਦੀ ਅਗਵਾਈ 'ਚ ਪੁਲਸ ਨੇ 53 ਲੱਖ ਰੁਪਏ ਬਰਾਮਦ ਕੀਤੇ ਸਨ।

ਡੀ. ਜੀ. ਪੀ. ਨੇ ਦੱਸਿਆ ਕਿ ਤਰਨਤਾਰਨ ਪੁਲਸ ਵਲੋਂ ਸੁਖਚੈਣ ਸਿੰਘ ਦੇ ਨਿਸ਼ਾਨਦੇਹੀ 'ਤੇ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਦੇ ਲਾਕਰ ਅੰਦਰ ਰੱਖੇ 1.30 ਲੱਖ ਯੂ. ਐੱਸ. ਡਾਲਰ ਵੀ ਬਰਾਮਦ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਤਰਨਤਾਰਨ ਪੁਲਸ ਵੱਲੋਂ ਸਤਨਾਮ ਸਿੰਘ ਸੱਤਾ ਅਤੇ ਸੁਖਚੈਣ ਸਿੰਘ ਚੈਨਾਂ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ, ਜਿਨ੍ਹਾਂ ਨੂੰ ਅੱਜ ਬਰਾਮਦ ਕੀਤੀ ਗਈ ਅਮਰੀਕਨ ਡਾਲਰਾਂ ਦੀ ਰਾਸ਼ੀ ਸਮੇਤ ਅਦਾਲਤ 'ਚ ਪੇਸ਼ ਕਰਦੇ ਹੋਏ 2 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਹਾਲੇ ਜਾਰੀ ਹੈ।

ਇਹ ਵੀ ਪੜ੍ਹੋ : ਬਾਬਾ ਜੀਵਨ ਸਿੰਘ ਦੇ ਡੇਰੇ ’ਚੋਂ 1.5 ਕਰੋੜ ਰੁਪਏ ਲੁੱਟਣ ਵਾਲੇ 4 ਲੁਟੇਰੇ ਕਾਬੂ


author

Baljeet Kaur

Content Editor

Related News