ਟਾਰਗੈੱਟ ਕਿਲਿੰਗ ਕੇਸ ''ਚ ਅੱਤਵਾਦੀ ਰਮਨ ਦਾ ਭਰਾ ਚਲਾ ਰਿਹਾ ਸੀ ਗੈਂਗ, ਸਾਥੀਆਂ ਸਮੇਤ ਗ੍ਰਿਫਤਾਰ

01/12/2020 6:39:33 PM

ਲੁਧਿਆਣਾ (ਜ. ਬ.) : ਟਾਰਗੈੱਟ ਕਿਲਿੰਗ ਕੇਸ ਵਿਚ ਐੱਨ. ਆਈ. ਏ. ਦੀ ਟੀਮ ਵਲੋਂ ਮੁੜ ਗ੍ਰਿਫਤਾਰ ਕੀਤੇ ਅੱਤਵਾਦੀ ਦਾ ਭਰਾ ਅਜਮੇਰ ਸਿੰਘ ਉਰਫ ਕਾਲਾ ਬਸਤੀ ਜੋਧੇਵਾਲ ਇਲਾਕੇ ਵਿਚ ਆਪਣਾ ਗੈਂਗ ਚਲਾ ਰਿਹਾ ਸੀ। ਗੈਂਗ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਅਜਮੇਰ ਸਿੰਘ ਅਤੇ ਉਸ ਦੇ ਹੋਰ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।

ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਬਸਤੀ ਜੋਧੇਵਾਲ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਤੋਂ 30 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਤੋਂ ਬਰਾਮਦ ਕੀਤੇ ਮੋਟਰਸਾਈਕਲਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਮੋਟਰਸਾਈਕਲ ਚੋਰੀ ਦੇ ਹਨ ਜਾਂ ਮੁਲਜ਼ਮ ਦੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 5 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ, ਜਿਸ 'ਤੇ ਏ. ਸੀ. ਪੀ. ਨਾਰਥ ਅਨਿਲ ਕੋਹਲੀ ਦੀ ਅਗਵਾਈ ਵਿਚ ਇੰਸਪੈਕਟਰ ਅਰਸ਼ਦੀਪ ਕੌਰ ਦੀ ਟੀਮ ਨੇ ਗਹਿਲੇਵਾਲ ਕੱਟ 'ਤੇ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ।

ਟੀਮ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਇਲਾਕੇ ਵਿਚ ਏ. ਟੀ. ਐੱਮ. ਜਾਂ ਕਿਸੇ ਵੱਡੀ ਫੈਕਟਰੀ ਵਿਚ ਲੁੱਟ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਾਲੀ ਸੜਕ ਮੇਨ ਰੋਡ 'ਤੇ ਸ਼ਰਾਬ ਦੇ ਠੇਕੇ ਕੋਲ ਖਾਲੀ ਪਲਾਟ ਵਿਚ ਵਾਰਦਾਤ ਦੀ ਯੋਜਨਾ ਬਣਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਗੈਂਗਸਟਰ ਦਾ ਸਰਗਣਾ ਅਜਮੇਰ ਸਿੰਘ ਉਰਫ ਕਾਲਾ ਅਤੇ ਨਰਿੰਦਰ ਸਿੰਘ ਉਰਫ ਕਾਕਾ, ਸੰਨੀ ਵਰਮਾ ਨੂਰਵਾਲਾ ਰੋਡ, ਬਰਕਤ ਖਾਨ ਉਰਫ ਗੁੱਡੂ, ਹਰਵਿੰਦਰ ਸਿੰਘ ਉਰਫ ਰਿੰਕੂ ਉਰਫ ਹੈਰੀ, ਸੁਮਿਤ ਕਨੌਜੀਆ ਉਰਫ ਗੋਲੂ, ਤਰਨਦੀਪ ਵਰਮਾ ਉਰਫ ਤਾਰੀ ਹਨ। ਪੁਲਸ ਨੇ ਮੁਲਜ਼ਮਾਂ ਤੋਂ 10 ਮੋਬਾਇਲ, ਸੱਬਲਾਂ ਸਮੇਤ 7 ਤੇਜ਼ਧਾਰ ਹਥਿਆਰ, 2 ਮੋਟਰਸਾਈਕਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਖਰੀਦਣ ਲਈ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਅਜਮੇਰ ਅਤੇ ਨਰਿੰਦਰ ਦੇ ਪਹਿਲਾਂ ਵੱਖ-ਵੱਖ ਗੈਂਗ ਸਨ ਅਤੇ ਫਿਰ ਦੋਵਾਂ ਨੇ ਮਿਲ ਕੇ ਇਕ ਹੀ ਗੈਂਗ ਬਣਾ ਲਿਆ। ਮੁਲਜ਼ਮ ਰਾਤ ਨੂੰ ਫੈਕਟਰੀਆਂ ਤੋਂ ਛੁੱਟੀ ਕਰ ਕੇ ਵਾਪਸ ਜਾ ਰਹੇ ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਡਰਾ-ਧਮਕਾ ਕੇ ਲੁੱਟਦੇ ਸਨ। ਮੁਲਜ਼ਮਾਂ ਨੇ ਕੁਝ ਸਮਾਂ ਪਹਿਲਾਂ ਤਲਵੰਡੀ ਵਿਚ ਇਕ ਸ਼ਰਾਬ ਦਾ ਠੇਕਾ ਲੁੱਟਣ ਤੋਂ ਇਲਾਵਾ ਕਈ ਹੋਰ ਦੁਕਾਨਦਾਰਾਂ ਨਾਲ ਵੀ ਵਾਰਦਾਤਾਂ ਕੀਤੀਆਂ ਹਨ। ਮੁਲਜ਼ਮ ਵਿਚ ਸੰਨੀ ਵਰਮਾ ਖਿਲਾਫ ਪਹਿਲਾਂ ਲੁੱਟ-ਖੋਹ ਦੇ ਕੇਸ ਦਰਜ ਹਨ ਅਤੇ ਦੋਸ਼ੀ 11 ਦਸੰਬਰ ਨੂੰ ਹੀ ਜੇਲ ਤੋਂ ਜ਼ਮਾਨਤ 'ਤੇ ਛੁੱਟ ਕੇ ਆਇਆ ਸੀ, ਜਦਕਿ ਦੂਜੇ ਦੋਸ਼ੀ ਨਰਿੰਦਰ ਸਿੰਘ ਖਿਲਾਫ ਨਸ਼ਾ ਸਮੱਗਲਿੰਗ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ ਅਤੇ ਉਹ ਵੀ ਕਰੀਬ 1 ਸਾਲ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਛੁੱਟ ਕੇ ਆਇਆ ਸੀ।

ਜੇਲ ਤੋਂ ਛੁੱਟਣ ਦੇ ਬਾਅਦ ਹੀ ਨਰਿੰਦਰ ਨੇ ਆਪਣਾ ਗੈਂਗ ਸਰਗਰਮ ਕੀਤਾ ਸੀ। ਉਸ ਦੀ ਦੋਸਤੀ ਅਜਮੇਰ ਦੇ ਨਾਲ ਸੀ, ਜਿਸ 'ਤੇ ਦੋਵਾਂ ਨੇ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ 6 ਵਾਰਦਾਤਾਂ ਬਸਤੀ ਜੋਧੇਵਾਲ, 3 ਸਲੇਮ ਟਾਬਰੀ, 4 ਥਾਣਾ ਦਰੇਸੀ ਤੋਂ ਇਲਾਵਾ ਬਹਾਦਰਕੇ ਰੋਡ, ਰਾਹੋਂ ਰੋਡ, ਜੱਸੀਆਂ ਅਤੇ ਜੀ. ਟੀ. ਰੋਡ ਦੇ ਕੋਲ ਪਿੰਡਾਂ ਵਿਚ ਕੀਤੀਆਂ ਹਨ। ਹਰ ਵਾਰਦਾਤ ਦੌਰਾਨ ਮੁਲਜ਼ਮ ਬਦਲ ਬਦਲ ਕੇ ਮੋਟਰਸਾਈਕਲਾਂ 'ਤੇ ਵਾਰਦਾਤ ਕਰਨ ਲਈ ਜਾਂਦੇ ਸਨ ਅਤੇ ਵਾਰਦਾਤ ਦੌਰਾਨ ਨਸ਼ੇ ਵਿਚ ਧੁੱਤ ਰਹਿੰਦੇ ਸਨ। ਮੁਲਜ਼ਮਾਂ ਤੇ ਉਨ੍ਹਾਂ ਦੇ ਗੈਂਗ ਦੇ ਹੋਰਨਾਂ ਮੈਂਬਰਾਂ ਤੋਂ ਇਲਾਵਾ ਵਾਰਦਾਤਾਂ ਨੂੰ ਲੈ ਕੇ ਵੀ ਪਤਾ ਲਾਇਆ ਜਾ ਰਿਹਾ ਹੈ, ਜਿਨ੍ਹਾਂ ਤੋਂ ਰਿਕਵਰੀ ਹੋਣ ਦੀ ਸੰਭਾਵਨਾ ਹੈ।

ਅੱਤਵਾਦੀ ਰਮਨ ਦੇ ਭਰਾ ਅਜਮੇਰ ਨੂੰ ਲੈ ਕੇ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਪੁੱਛਗਿਛ
ਪੁਲਸ ਸੂਤਰਾਂ ਮੁਤਾਬਕ ਗੈਂਗ ਦੇ ਸਰਗਣਾ ਅਤੇ ਅੱਤਵਾਦੀ ਰਮਨ ਦੇ ਭਰਾ ਅਜਮੇਰ ਨੂੰ ਲੈ ਕੇ ਪੁਲਸ ਟੀਮ ਵੱਲੋਂ ਵਿਸ਼ੇਸ਼ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਅਜਮੇਰ ਤੋਂ ਵੱਖ-ਵੱਖ ਐਂਗਲਾਂ 'ਤੇ ਜਾਂਚ ਕਰ ਰਹੀ ਹੈ ਅਤੇ ਉਸ ਦੇ ਫੋਨ ਅਤੇ ਉਸ ਤੋਂ ਬਰਾਮਦ ਹੋਰ ਸਾਮਾਨ ਸਬੰਧੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਉਸ ਦੇ ਫੋਨ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ ਕਿ ਅਜਮੇਰ ਕਿਸੇ ਦੂਜੀ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਤਾਂ ਸ਼ਾਮਲ ਨਹੀਂ ਹੈ। ਹਾਲ ਦੀ ਘੜੀ ਇਸ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ।


Gurminder Singh

Content Editor

Related News