ਤਰਨਤਾਰਨ 'ਚ ਵੱਡੀ ਵਾਰਦਾਤ : ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ

05/24/2019 5:19:51 PM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਢੋਟੀਆਂ ਵਿਖੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾਂਦੀ ਹੈ ਜਿਸ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਆਈ) ਹਰਜੀਤ ਸਿੰਘ, ਡੀ.ਐੱਸ.ਪੀ. ਪੱਟੀ ਯਾਦਦਵਿੰਦਰ ਸਿੰਘ ਤੋਂ ਇਲਾਵਾ ਥਾਣਾ ਸਰਹਾਲੀ ਦੀ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਈ ਜਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਟ੍ਰਿੱਪਲ ਮਰਡਰ ਪਿੱਛੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਹੱਥ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।

PunjabKesari
ਜਾਣਕਾਰੀ ਅਨੁਸਾਰ ਦਲਬੀਰ ਸਿੰਘ (55) ਪੁੱਤਰ ਬਚਿੰਤ ਸਿੰਘ ਵਾਸੀ ਪਿੰਡ ਢੋਟੀਆਂ ਬੀਤੀ ਰਾਤ ਪਤਨੀ ਦਲਬੀਰ ਕੌਰ, ਪੁੱਤਰੀ ਮਨਜਿੰਦਰ ਕੌਰ (16) ਤੇ ਛੋਟੀ ਬੇਟੀ ਜਸ਼ਨਪ੍ਰੀਤ ਕੌਰ (8) ਨਾਲ ਆਪਣੇ ਘਰ ਦੇ ਵਿਹੜੇ 'ਚ ਸੁੱਤੇ ਪਏ ਸਨ। ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਦੇ ਘਰ ਅੰਦਰ ਦਾਖਲ ਹੋ ਚਾਰੇ ਮੈਂਬਰਾਂ ਉੱਪਰ ਧਾਵਾ ਬੋਲਿਆ ਗਿਆ ਜਿਸ ਦੌਰਾਨ ਇਨ੍ਹਾਂ ਦੇ ਸਿਰਾਂ ਅਤੇ ਬਾਹਾਂ 'ਤੇ ਤੇਜ਼ਧਾਰ ਵਾਲੇ ਹਥਿਆਰਾਂ ਦੀ ਮਦਦ ਨਾਲ ਇਸ ਤਰ੍ਹਾਂ ਵਾਰ ਕੀਤੇ ਗਏ ਕਿ ਇਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ। ਇਸ ਘਾਤਕ ਹਮਲੇ ਦੌਰਾਨ ਦਲਬੀਰ ਸਿੰਘ, ਉਸ ਦੀ ਪਤਨੀ ਦਲਬੀਰ ਕੌਰ ਅਤੇ ਵੱਡੀ ਬੇਟੀ ਮਨਜਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੋਟੀ ਬੱਚੀ ਜਸ਼ਨਪ੍ਰੀਤ ਕੌਰ ਕਿਸੇ ਤਰ੍ਹਾਂ ਜ਼ਖਮੀ ਹਾਲਤ 'ਚ ਕਮਰੇ 'ਚ ਜਾ ਲੁਕੀ, ਜੋ ਤਰਨਤਾਰਨ ਦੇ ਸਿਟੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਢੋਟੀਆਂ ਦੇ ਵਾਸੀ ਮ੍ਰਿਤਕ ਦੇ ਚਚੇਰੇ ਭਰਾ ਹਰਦੇਵ ਸਿੰਘ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਮੌਜੂਦਾ ਸਰਪੰਚ ਅਜਮੇਰ ਸਿੰਘ, ਇੰਦਰਜੀਤ ਸਿੰਘ ਮੈਂਬਰ, ਪਰਮਜੀਤ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਦਲਬੀਰ ਸਿੰਘ ਜੋ ਤਰਨਤਾਰਨ ਵਿਖੇ ਬਿਰਧ ਘਰ 'ਚ ਨੌਕਰੀ ਕਰਦਾ ਹੈ, ਦਾ ਕਰੀਬ 3 ਏਕੜ ਜ਼ਮੀਨ ਦੇ ਝਗੜੇ ਸਬੰਧੀ ਕੇਸ ਉਸ ਦੇ ਸਹੁਰਿਆਂ (ਪਿੰਡ ਤੁੜ) ਨਾਲ ਅਦਾਲਤ ਵਿਚ ਚੱਲਦਾ ਸੀ ਜਿਸ ਦਾ ਫੈਸਲਾ ਦਲਬੀਰ ਸਿੰਘ ਦੇ ਹੱਕ 'ਚ ਆ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਦੀ ਤਿਆਰੀ ਵਿਚ ਸੀ ਜਿਸ ਤੋਂ ਉਸ ਦਾ ਸਾਲਾ ਗੁਰਭੇਜ ਸਿੰਘ ਕਾਫੀ ਨਾਰਾਜ਼ ਸੀ।

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਨ੍ਹਾਂ ਦੀਆਂ ਲਾਸ਼ਾਂ ਦਾ ਉਸ ਵੇਲੇ ਪਤਾ ਲੱਗਾ ਜਦੋਂ ਦਲਬੀਰ ਦਾ ਚਚੇਰਾ ਭਰਾ ਹਰਦੇਵ ਸਿੰਘ ਉਨ੍ਹਾਂ ਦੇ ਘਰ ਪੁੱਜਾ। ਹਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀਆਂ ਲਾਸ਼ਾਂ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਦੇ ਨਾਲ ਵਾਲੇ ਕਮਰੇ ਵਿਚ ਉਨ੍ਹਾਂ ਵੇਖਿਆ ਕਿ ਦਲਬੀਰ ਸਿੰਘ ਦੀ ਛੋਟੀ ਬੇਟੀ ਜਸ਼ਨਪ੍ਰੀਤ ਕੌਰ ਜ਼ਖਮੀ ਹਾਲਤ 'ਚ ਸਹਿਮੀ ਪਈ ਸੀ, ਨੂੰ ਤੁਰੰਤ ਤਰਨਤਾਰਨ ਦੇ ਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਰਦੇਵ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮਾਤਾ ਆਪਣੀ ਬੇਟੀ ਨੂੰ ਮਿਲਣ ਪਿੰਡ ਵਾਂ ਤਾਰਾ ਸਿੰਘ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਪਿੱਛੇ ਸਹੁਰੇ ਪਰਿਵਾਰ ਦਾ ਹੱਥ ਹੋਣ ਦਾ ਪੂਰਾ ਯਕੀਨ ਹੈ।

ਜਸ਼ਨਪ੍ਰੀਤ ਨੇ ਕਿਹਾ,'ਮਾਮੇ ਨੇ ਹੀ ਕੀਤਾ ਕਤਲ'
ਸਿਟੀ ਹਸਪਤਾਲ 'ਚ ਜ਼ੇਰੇ ਇਲਾਜ ਜ਼ਖਮੀ ਬੱਚੀ ਜਸ਼ਨਪ੍ਰੀਤ ਕੌਰ ਨੇ ਆਪਣੇ ਬਿਆਨਾਂ 'ਚ ਪੁਲਸ ਨੂੰ ਦੱਸਿਆ ਹੈ ਕਿ ਦੇਰ ਰਾਤ ਜਦੋਂ ਉਹ ਸੁੱਤੇ ਪਏ ਸਨ ਤਾਂ ਉਸ ਦੇ ਮਾਮੇ ਨਾਲ ਆਏ ਕੁੱਝ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਬੱਚੀ ਬਹੁਤ ਜ਼ਿਆਦਾ ਸਹਿਮੀ ਹੋਣ ਕਾਰਣ ਪੁਲਸ ਉਸ ਨੂੰ ਜ਼ਿਆਦਾ ਸਵਾਲ ਜਵਾਬ ਨਹੀਂ ਕਰ ਸਕੀ।

ਇਸ ਸਬੰਧੀ ਮੌਕੇ 'ਤੇ ਪੁੱਜੇ ਐੱਸ.ਪੀ. (ਆਈ) ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਜਿਸ 'ਚ ਜ਼ਮੀਨ ਵਿਵਾਦ ਦਾ ਹੋਣਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਕੇਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ।

 

 


cherry

Content Editor

Related News