ਸੁਖਪਾਲ ਖਹਿਰਾ ਸਾਬਕਾ ਫੌਜੀ ਦਾ ਹਾਲਚਾਲ ਪੁੱਛਣ ਸਿਵਲ ਹਸਪਤਾਲ ਪੁੱਜੇ
Wednesday, Jun 27, 2018 - 05:59 PM (IST)
ਤਰਨਤਾਰਨ (ਰਾਜੂ, ਮਿਲਾਪ) : ਪੰਜਾਬ 'ਚ ਨਸ਼ੇ ਦੀ ਸੌਦਾਗਰ ਕੈਪਟਨ ਸਰਕਾਰ ਹੋਰ ਤਾਕਤਵਰ ਹੋ ਗਈ ਹੈ, ਜਿਸ ਦਾ ਜ਼ਿੰਦਾ ਜਾਗਦਾ ਸਬੂਤ ਇਕ ਦਰਜਨ ਤੋਂ ਵੱਧ ਨਸ਼ੇ ਕਾਰਨ ਮਰ ਚੁੱਕੇ ਲੋਕ ਹਨ ਜਦ ਕਿ ਕੈਪਟਨ ਸਾਹਿਬ ਇਹ ਸੱਚ ਮੰਨਣ ਨੂੰ ਤਿਆਰ ਹੀ ਨਹੀਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਵਿਰੋਧੀ ਧੀਰ ਦੇ ਨੇਤਾ ਆਪ ਆਗੂ ਸੁਖਪਾਲ ਖਹਿਰਾ ਨੇ ਸਾਬਕਾ ਫੌਜੀ ਜਸਬੀਰ ਸਿੰਘ ਦਾ ਸਿਵਲ ਹਸਪਤਾਲ ਤਰਨਤਾਰਨ ਵਿਖੇ ਹਾਲਚਾਲ ਪੁੱਛਣ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 'ਚ ਨਸ਼ਾ ਔਰਤਾਂ ਤੱਕ ਪਹੁੰਚ ਗਿਆ ਹੈ। ਜਦੋਂ ਨਸ਼ਾ ਔਰਤਾਂ ਤੱਕ ਪਹੁੰਚ ਜਾਵੇ ਤਾਂ ਕੈਪਟਨ ਸਾਹਿਬ ਨੂੰ ਆਪਣੇ ਮਹਿਲ ਛੱਡ ਕੇ ਇਕ ਨਵੀਂ ਮੁਹਿੰਮ ਚਲਾਉਣੀ ਚਾਹੀਦੀ ਹੈ। ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਤਰੱਕੀ ਦੀ ਕੋਈ ਰਾਹ ਨਾ ਹੋਣ ਕਾਰਨ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਵਰਗੇ ਦੇਸ਼ਾਂ 'ਚ ਜਾ ਰਹੀ ਹੈ। ਸਰਕਾਰ ਦੀ ਨਲਾਇਕੀ ਕਾਰਨ ਬੇਰੋਜ਼ਗਾਰੀ ਵੱਧ ਰਹੀ ਹੈ, ਕਿਸਾਨ ਖੁਦਕੁਸ਼ੀਆ ਕਰ ਰਹੇ ਹਨ, ਲੋਕਾਂ ਦੇ ਕਾਰੋਬਾਰ ਖਤਮ ਹੋ ਗਏ ਹਨ, ਲੋਕ ਕੁਰਾਹੇ ਪੈ ਗਏ ਹਨ, ਜਿਸ ਕਾਰਨ ਨਸ਼ਿਆ ਦਾ ਰੁਝਾਨ ਹੱਦ ਤੋਂ ਜ਼ਿਆਦਾ ਵੱਧ ਗਿਆ ਹੈ। ਸਰਕਾਰ ਨਸ਼ੇ ਦੇ ਤੱਥਾਂ ਨੂੰ ਦਬਾ ਰਹੀ ਹੈ।
ਖਹਿਰਾ ਨੇ ਕੈਪਟਨ 'ਤੇ ਵਰਦਿਆ ਕਿਹਾ ਕਿ ਕੈਪਟਨ ਸਾਹਿਬ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜੇਕਰ ਆਪਣਾ ਵਾਅਦਾ ਨਹੀਂ ਨਿਭਾਇਆ ਤਾਂ ਕੋਈ ਗੱਲ ਨਹੀਂ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਤਾਂ ਕੈਪਟਨ ਸਾਹਿਬ ਨੂੰ ਸਮਾਜਿਕ ਅਤੇ ਵਿਰੋਧੀ ਨੇਤਾਵਾਂ ਨੂੰ ਨਾਲ ਲੈ ਕੇ ਫਿਰ ਤੋਂ ਨਵੀਂ ਮੁਹਿੰਮ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਬੱਚ ਸਕੇ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਸਾਬਕਾ ਫੌਜੀ ਜਸਬੀਰ ਸਿੰਘ ਦੀ ਦਾਸਤਾ ਸੁਣੀ। ਇਸ ਉਪਰੰਤ ਸੁਖਪਾਲ ਖਹਿਰਾ ਪਿੰਡ ਢੋਟੀਆ ਵਿਖੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਕਾਰਨ ਮਰ ਚੁੱਕੇ ਗੁਰਭੇਜ ਸਿੰਘ ਭੇਜਾ ਦੇ ਘਰ ਹਮਦਰਦੀ ਪ੍ਰਗਟਾਉਣ ਵੀ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਬਿੱਟੂ, ਸੁਖਚੈਨ ਸਿੰਘ ਢਿੱਲੋਂ, ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਰੀਵਾਲ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਆਦਿ ਹਾਜ਼ਰ ਸਨ।
