ਭੀੜਭਾੜ ਵਾਲੀ ਸੜਕ ''ਤੇ ਮੌਜੂਦ ਮਨੀ ਐਕਸਚੇਂਜ ਮਾਲਕ ਨੂੰ ਗੰਨ ਪੁਆਇੰਟ ''ਤੇ ਲੁੱਟਿਆ

Friday, May 17, 2019 - 01:00 PM (IST)

ਭੀੜਭਾੜ ਵਾਲੀ ਸੜਕ ''ਤੇ ਮੌਜੂਦ ਮਨੀ ਐਕਸਚੇਂਜ ਮਾਲਕ ਨੂੰ ਗੰਨ ਪੁਆਇੰਟ ''ਤੇ ਲੁੱਟਿਆ

ਤਰਨਤਾਰਨ (ਰਮਨ ਚਾਵਲਾ, ਰਾਜੂ, ਬਲਵਿੰਦਰ ਕੌਰ) : ਬੀਤੀ ਸ਼ਾਮ ਥਾਣਾ ਸਿਟੀ ਦੀ 100 ਗਜ਼ ਦੀ ਦੂਰੀ 'ਤੇ ਸ਼ਰੇਆਮ ਇਕ ਮਨੀ ਐਕਸਚੇਂਜਰ ਨੂੰ ਗੰਨ ਪੁਆਇੰਟ 'ਤੇ ਨਿਸ਼ਾਨਾ ਬਣਾਉਂਦੇ ਹੋਏ ਦੋ ਨਕਾਬਪੋਸ਼ ਲੁਟੇਰਿਆਂ ਵਲੋਂ 3.56 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਲੋਕ ਸਭਾ ਚੋਣਾਂ ਦੌਰਾਨ ਭੀੜਭਾੜ ਵਾਲੀ ਇਸ ਸੜਕ 'ਤੇ ਰੋਜ਼ਾਨਾ ਬੀ.ਐੱਸ.ਐੱਫ. ਅਤੇ ਹੋਰ ਸੁਰੱਖਿਆ ਬਲ ਦੇ ਜਵਾਨ ਫਲ਼ੈਗ ਮਾਰਚ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰੰਤੂ ਇਸ ਦੌਰਾਨ ਇਹ ਲੁੱਟ ਦਾ ਹੋ ਜਾਣਾ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਨਜ਼ਦੀਕ ਚਾਰ ਖੰਭਾ ਚੌਕ ਵਿਖੇ ਪਾਲ ਮਰਚੈਂਟ ਲਿਮਟਿਡ ਦਾ ਮਨੀ ਐਕਸਚੇਂਜ ਕਰਨ ਸਬੰਧੀ ਦਫਤਰ ਹੈ ਜਿੱਥੇ ਅੱਜ ਕਰੀਬ 6 ਵਜੇ ਦੁਕਾਨ ਮਾਲਕ ਬਲਵਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਅੰਮ੍ਰਿਤਸਰ ਦੁਕਾਨ 'ਚ ਇਕੱਲਾ ਮੌਜੂਦ ਸੀ। ਇਸ ਦੌਰਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਨਕਾਬਪੋਸ਼ ਨੌਜਵਾਨ ਲੁਟੇਰੇ ਜਿਨ੍ਹਾਂ 'ਚੋਂ ਇਕ ਕੋਲ ਪਿਸਤੌਲ ਅਤੇ ਇਕ ਕੋਲ ਚਾਕੂ ਸੀ ਨੇ ਅੰਦਰ ਦਾਖਲ ਹੁੰਦੇ ਹੀ ਉਸ ਨੂੰ ਗੰਨ ਪੁਆਇੰਟ 'ਤੇ ਜ਼ਬਰਦਸਤੀ ਗੋਲੀ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਦੁਕਾਨ ਅੰਦਰ ਮੌਜੂਦ ਸੇਫ ਦੀਆਂ ਚਾਬੀਆਂ ਮੰਗੀਆਂ। ਹਾਲਾਤ ਨੂੰ ਵੇਖਦੇ ਹੋਏ ਉਸ ਨੇ ਚਾਬੀਆਂ ਦੇ ਦਿੱਤੀਆਂ। ਦੋਵਾਂ 'ਚੋਂ ਇਕ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਇਕ ਨੇ ਸ਼ਰੇਆਮ ਸੇਫ ਨੂੰ ਖੋਲ ਕੇ ਉਸ 'ਚ ਪਏ ਡਾਲਰਾਂ ਸਮੇਤ ਭਾਰਤੀ ਕਰੰਸੀ ਲੁੱਟ ਲਈ। ਇਸ ਦੇ ਨਾਲ ਹੀ ਉਸਦੀਆਂ ਸਾਰੀਆਂ ਚੈੱਕ ਬੁੱਕਾਂ, ਇਕ ਬੈਗ, ਜਿਸ 'ਚ ਜ਼ਰੂਰੀ ਕਾਗਜ਼ਾਤ ਸਨ ਸਮੇਤ ਇਕ ਸੈਮਸੰਗ ਦਾ ਮੋਬਾਇਲ ਲੁੱਟ ਲੇ ਫਰਾਰ ਹੋ ਗਏ।

ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਲੁੱਟ ਤੋਂ ਬਾਅਦ ਉਹ ਲੁਟੇਰਿਆਂ ਦਾ ਪਿੱਛਾ ਕਰਦਾ ਹੋਇਆ ਬਾਹਰ ਆਇਆ ਅਤੇ ਰੌਲਾ ਪਾਇਆ। ਇਸ ਦੌਰਾਨ ਦੋਵੇਂ ਦੋਸ਼ੀ ਪੈਦਲ ਹੀ ਸੜਕ ਪਾਰ ਕਰਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਵਾਲੀ ਗਲੀ 'ਚ ਦਾਖਲ ਹੋ ਗਏ ਅਤੇ ਜਦੋਂ ਇਨ੍ਹਾਂ ਨੂੰ ਕੁੱਝ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਲੋਂ ਪਿਸਤੌਲ ਵਿਖਾਇਆ ਗਿਆ, ਜਿਸ ਤੋਂ ਬਾਅਦ ਇਹ ਦੋਵੇਂ ਲੁਟੇਰੇ ਸ਼ਰੇਆਮ ਭੀੜਭਾੜ ਵਾਲੀ ਸੜਕ 'ਚੋਂ ਨਿਕਲਦੇ ਹੋਏ ਚਾਰ ਖੰਭਾ ਚੌਕ ਰਾਹੀਂ ਕਿਸੇ ਵਾਹਨ 'ਤੇ ਸਵਾਰ ਹੋ ਭੱਜਣ 'ਚ ਕਾਮਯਾਬ ਹੋ ਗਏ। ਦੁਕਾਨ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਲੁੱਟ 'ਚ ਉਨ੍ਹਾਂ ਦਾ ਕਰੀਬ 3.56 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਹ ਸਾਰੀ ਘਟਨਾ ਦਫਤਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਿਟੀ ਕੰਵਲਜੀਤ ਸਿੰਘ, ਡੀ.ਐੱਸ.ਪੀ. (ਆਈ.) ਹਰਦੀਪ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਰਵੀ ਸ਼ੇਰ ਸਿੰਘ, ਏ.ਐੱਸ.ਆਈ. ਵਿਪਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਡੀ.ਐੱਸ.ਪੀ. ਸਿਟੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਫੜਣ ਲਈ ਹਾਈ ਅਲਰਟ ਕਰ ਦਿੱਤਾ ਗਿਆ ਅਤੇ ਜਲਦ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।


author

Baljeet Kaur

Content Editor

Related News