ਸੇਵਾ ਮੁਕਤ ਹੋਣ ਵਾਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ ਭਾਜਪਾ ਤੋਂ ਸ਼ੁਰੂ ਕਰ ਸਕਦੇ ਨੇ ਸਿਆਸੀ ਸਫ਼ਰ
Monday, Jan 29, 2024 - 06:58 PM (IST)
ਚੰਡੀਗੜ੍ਹ- 31 ਜਨਵਰੀ ਨੂੰ ਸੇਵਾ ਮੁਕਤ ਹੋ ਰਹੇ ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰ ਸਕਦੇ ਹਨ। ਇਥੇ ਦੱਸ ਦੇਈਏ ਕਿ ਸਾਲ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ. ਐੱਫ਼. ਐੱਸ) ਅਧਿਕਾਰੀ ਸੰਧੂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਭਾਜਪਾ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਇਕ ਸਿੱਖ ਚਿਹਰੇ ਦੀ ਭਾਲ ਹੈ।
ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਰਨਜੀਤ ਸੰਧੂ ਨੂੰ ਅੰਮ੍ਰਿਤਸਰ ਤੋਂ ਉਤਾਰ ਸਕਦੀ ਹੈ। ਸੰਧੂ ਦਾ ਅਕਸ ਨਾ ਸਿਰਫ਼ ਸਾਫ਼-ਸੁਥਰਾ ਹੈ ਸਗੋਂ ਉਹ ਇਕ ਮਸ਼ਹੂਰ ਰਾਜਦੂਤ ਵੀ ਹਨ। ਅਮਰੀਕਾ ’ਚ ਸੰਧੂ ਨੂੰ ਇਕ ਰੌਕ ਸਟਾਰ ਵਾਂਗ ਵਿਦਾਈ ਮਿਲ ਰਹੀ ਹੈ। ਬ੍ਰਿਟਿਸ਼ ਗਾਇਕ ਐਲਟਨ ਜਾਨ ਨੇ ਆਪਣੀ ਵਿਦਾਈ ਲਈ ਕਰੀਬ 340 ਸ਼ੋਅ ਕੀਤੇ ਸਨ। ਸੰਧੂ ਦਾ ਵਿਦਾਈ ਸਮਾਗਮ ਬ੍ਰਿਟਿਸ਼ ਗਾਇਕ ਦੀ ਫੇਅਰਵੈਲ ਯੈਲੋ ਬ੍ਰਿਰਕ ਰੋਡ ਨੂੰ ਟੱਕਰ ਦੇ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਾਲ 1997 ’ਚ ਵਾਸ਼ਿੰਗਟਨ ਡੀ. ਸੀ. ਦੀ ਅੰਬੈਸੀ ’ਚ ਫਸਟ ਸੈਕਟਰੀ ਦੇ ਰੂਪ ’ਚ ਸ਼ੁਰੂਆਤ ਕਰਨ ਵਾਲੇ ਸੰਧੂ ਦਾ ਅਮਰੀਕਾ ’ਚ ਚੌਥਾ ਕਾਰਜਕਾਲ ਹੈ। ਉਨ੍ਹਾਂ ਦੇ ਪ੍ਰਵਾਸੀ ਭਾਰਤੀਆਂ ਨਾਲ ਚੰਗੇ ਸੰਬੰਧ ਵੀ ਹਨ। ਭਾਜਪਾ ਸੰਧੂ ਦੇ ਸੇਵਾਮੁਕਤ ਹੋਣ ਦੀ ਉਡੀਕ ਕਰ ਰਹੀ ਸੀ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਰਾਸ਼ਟਰੀ ਪੱਧਰ ਦੇ ਇਕ ਨੇਤਾ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸੰਧੂ ਭਾਜਪਾ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
ਜਾਣੋ ਕੌਣ ਹਨ ਤਰਨਜੀਤ ਸੰਧੂ
ਤਰਨਜੀਤ ਸਿੰਘ ਸੰਧੂ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਮੈਂਬਰ ਅਤੇ ਗੁਰਦੁਆਰਾ ਸੁਧਾਰ ਲਹਿਰ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਹਨ। ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਨੀ ਵਾਈਸ-ਚਾਂਸਲਰ ਰਹੇ ਸਨ। ਤਰਨਜੀਤ ਸਿੰਘ ਸੰਧੂ ਹੁਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਵਿਚਾਲੇ ਨੇੜਤਾ ਲਿਆਉਣ ਲਈ ਵੱਡੀ ਭੂਮਿਕਾ ਨਿਭਾਈ ਸੀ। ਇਸੇ ਲਈ ਉਨ੍ਹਾਂ ਨੂੰ ਅਮਰੀਕਾ ਅਤੇ ਭਾਰਤ ਵਿਚਾਲੇ ਸੰਬੰਧ ਹੋਰ ਮਜ਼ਬੂਤ ਕਰਨ ਵਾਲਾ ਮੋਹਰੀ ਵੀ ਆਖਿਆ ਜਾਂਦਾ ਹੈ। ਉਨ੍ਹਾਂ ਦੀ ਪਤਨੀ ਰੀਨਾ ਸੰਧੂ ਵੀ ਭਾਰਤੀ ਵਿਦੇਸ਼ ਸੇਵਾ ਨਾਲ ਜੁੜੇ ਹੋਏ ਹਨ। ਉਹ ਅਮਰੀਕਾ 'ਚ ਭਾਰਤੀ ਸਫ਼ਾਰਤਖ਼ਾਨੇ ਦੇ ਕਮਰਸ਼ੀਅਲ ਆਫ਼ੀਸਰ ਵਜੋਂ ਵਿਚਰਦੇ ਰਹੇ ਹਨ।
ਇਹ ਵੀ ਪੜ੍ਹੋ: ਜੀਂਦ 'ਚ ਗਰਜੇ CM ਭਗਵੰਤ ਮਾਨ, ਭਾਜਪਾ 'ਤੇ ਨਿਸ਼ਾਨੇ ਸਾਧ ਬੋਲੇ, ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅੰਮ੍ਰਿਤਸਰ ਸੀਟ ’ਤੇ ਭਾਜਪਾ ਨੂੰ ਜਿੱਤ ਨਹੀਂ ਮਿਲ ਸਕੀ ਹੈ। ਸਿੱਧੂ ਅੰਮ੍ਰਿਤਸਰ ਸੀਟ ਤੋਂ ਲਗਾਤਾਰ ਦੋ ਵਾਰ ਲੋਕ ਸਭਾ ਚੋਣਾਂ ਅਤੇ ਇਕ ਵਾਰ ਜ਼ਿਮਨੀ ਚੋਣ ਜਿੱਤੇ ਸਨ। ਉਸ ਤੋਂ ਬਾਅਦ ਭਾਜਪਾ ਨੂੰ ਇਸ ਸੀਟ ’ਤੇ ਲਗਾਤਾਰ ਹਾਰ ਹੀ ਮਿਲ ਰਹੀ ਹੈ। ਸਾਲ 2014 ’ਚ ਭਾਜਪਾ ਨੇ ਆਪਣੇ ਕੱਦਾਵਰ ਨੇਤਾ ਅਰੁਣ ਜੇਤਲੀ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਪਰ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਸਾਲ 2019 ’ਚ ਪਾਰਟੀ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਪਰ ਉਨ੍ਹਾਂ ਨੂੰ ਵੀ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ੇਸ਼ ਗੱਲ ਇਹ ਹੈ ਕਿ ਹਰਦੀਪ ਸਿੰਘ ਪੁਰੀ ਵੀ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਏ ਸਨ। ਭਾਜਪਾ ਦੀ ਹਾਰ ਪਿੱਛੇ ਸਭ ਤੋਂ ਵੱਡਾ ਕਾਰਨ ਬਾਹਰੋਂ ਲਿਆਂਦੇ ਗਏ ਨੇਤਾ ਰਹੇ ਹਨ। ਜੇਤਲੀ ਅਤੇ ਪੁਰੀ ਦਾ ਪੰਜਾਬ ਨਾਲ ਕੋਈ ਸਿੱਧਾ ਸੰਬੰਧ ਨਹੀਂ ਸੀ। ਇਹੀ ਕਾਰਨ ਹੈ ਕਿ ਭਾਜਪਾ ਨੂੰ ਸਥਾਨਕ ਚਿਹਰਿਆਂ ਦੀ ਭਾਲ ਹੈ। ਇਸ ਹਾਲਤ ’ਚ ਪਾਰਟੀ ਦੀ ਨਜ਼ਰ ਸੰਧੂ ’ਤੇ ਟਿਕੀ ਹੋਈ ਹੈ ਕਿਉਂਕਿ ਸੰਧੂ ਦੇ ਐੱਨ. ਆਰ. ਆਈਜ਼. ਨਾਲ ਚੰਗੇ ਸੰਬੰਧ ਹਨ ਅਤੇ ਬਤੌਰ ਰਾਜਦੂਤ ਉਨ੍ਹਾਂ ਦਾ ਅਕਸ ਵੀ ਚੰਗਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।