‘ਪੰਥ ਰਤਨ’ ਮਾਸਟਰ ਜੀ ਦੀ ਦੋਹਤੀ ਢੀਂਡਸਾ ਧੜ੍ਹੇ ’ਚ!

7/12/2020 2:58:52 PM

ਲੁਧਿਆਣਾ (ਮੁੱਲਾਂਪੁਰੀ) : ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਸਾਬਕਾ ਜਨ. ਸਕੱਤਰ ਸ਼੍ਰੋਮਣੀ ਕਮੇਟੀ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਕਿਸੇ ਵੇਲੇ ਵੀ ਪੰਜਾਬ 'ਚ ਨਵੇਂ ਹੋਂਦ 'ਚ ਆਏ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ (ਡੀ) 'ਚ ਸ਼ਾਮਲ ਹੋਣ ’ਤੇ ਜੈਕਾਰੇ ਛੱਡ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਬੀਬੀ ਕਿਰਨਜੋਤ ਕੌਰ 2015 'ਚ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮੌਕੇ ਤੋਂ ਲੈ ਕੇ ਅੱਜ ਤੱਕ ਬਾਦਲਕਿਆਂ ਦੇ ਖਿਲਾਫ ਹੀ ਹੈ।

ਪਿਛਲੇ ਸਾਲ ਨਵੰਬਰ ਮਹੀਨੇ ਸ਼੍ਰੋਮਣੀ ਕਮੇਟੀ 'ਚ ਪ੍ਰਧਾਨ ਦੀ ਚੋਣ ਮੌਕੇ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਆਖਣੀ ਚਾਹੀ ਪਰ ਬੋਲਣ ਨਹੀਂ ਦਿੱਤਾ ਗਿਆ ਸੀ। ਪੜ੍ਹੀ-ਲਿਖੀ ਅਤੇ ਧਾਰਮਿਕ ਗਿਆਨ ਰੱਖਣ ਵਾਲੀ ਵੱਡੇ ਪੰਥਕ ਪਰਿਵਾਰ ਦੀ ਦੋਹਤੀ ਦਾ ਧਾਰਮਿਕ ਅਤੇ ਰਾਜਸੀ ਹਲਕਿਆਂ 'ਚ ਵੱਡਾ ਸਤਿਕਾਰ ਹੈ। ਬਾਕੀ ਲੰਘੇ ਕੱਲ ਜਿਨ੍ਹਾਂ 'ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਨ੍ਹਾਂ 'ਚ ਸੇਵਾ ਸਿੰਘ ਸੇਖਵਾਂ, ਹਰਪ੍ਰੀਤ ਸਿੰਘ ਗਰਚਾ, ਬੀਬੀ ਕਿਰਨਜੋਤ ਕੌਰ ਸ਼ਾਮਲ ਹੋਏ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਜੋ ਤਿੱਖਾ ਸੰਘਰਸ਼ ਵਿੱਢਣ ਤੋਂ ਇਲਾਵਾ ਉਨ੍ਹਾਂ ਦੀ ਜਾਂਚ ਦੀ ਉੱਚ ਪੱਧਰੀ ਮੰਗ ਕੀਤੀ, ਉਸ ਨੂੰ ਲੈ ਕੇ ਰਾਜਸੀ ਅਤੇ ਧਾਰਮਿਕ ਹਲਕਿਆਂ 'ਚ ਚਰਚਾ ਨੇ ਜਨਮ ਲੈ ਲਿਆ ਹੈ।
ਸੇਖਵਾਂ ਅਤੇ ਗਰਚਾ ਤੋਂ ਇਲਾਵਾ ਹੋਰ ਪੰਥਕ ਹਲਕੇ ਅਤੇ ਹਿਤੈਸ਼ੀ ਗਾਇਬ ਹੋਈਆਂ ਬੀੜਾਂ ਬਾਰੇ ਬਹੁਤ ਗੰਭੀਰਤਾ ਨਾਲ ਜਾਂਚ ਦੀ ਮੰਗ ਕਰ ਰਹੇ ਹਨ। ਬੀਬੀ ਕਿਰਨਜੋਤ ਕੌਰ ਵੱਲੋਂ ਵੀ ਇਸ ਦੀ ਉੱਚ ਪੱਧਰੀ ਜਾਂਚ ਬਾਰੇ ਆਪਣੀ ਗੱਲ ਜੱਥੇਦਾਰ ਸਾਹਮਣੇ ਰੱਖਣਾ ਇਸ ਗੱਲ ਦਾ ਸੰਕੇਤ ਹੈ। ਬੀਬੀ ਕਿਰਨਜੋਤ ਕੌਰ ਹੁਣ ਜਲਦ ਹੀ ਬਰਗਾੜੀ, ਬਹਿਗਲ ਗੋਲੀ ਕਾਂਡ, ਗਾਇਬ ਹੋਏ ਪਾਵਨ ਸਰੂਪ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਏ ਲੰਗਰ ਘਪਲੇ ਲਈ ਪਹਿਲਾਂ ਤੋਂ ਮੰਗ ਕਰ ਰਹੇ ਸੁਖਦੇਵ ਸਿੰਘ ਢੀਂਡਸਾ ਦੀ ਹਾਂ ਵਿਚ ਹਾਂ ਮਿਲਾ ਸਕਦੀ ਹੈ। ਧਾਰਮਿਕ ਹਲਕਿਆਂ ਨੇ ਬੀਬੀ ਕਿਰਨਜੋਤ ਬਾਰੇ ਕਿਹਾ ਕਿ ਜੇਕਰ ਬੀਬੀ ਢੀਂਡਸਾ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਤਾਂ ਬੀਬੀ ਪਰਮਜੀਤ ਕੌਰ ਗੁਲਸ਼ਨ ਤੋਂ ਬਾਅਦ ਵੱਡੇ ਕੱਦ ਦੀ ਇਹ ਦੂਜੀ ਬੀਬੀ ਹੋਵੇਗੀ, ਜਿਸ ਦਾ ਪੰਥਕ ਹਲਕਿਆਂ ਵਿਚ ਵੱਡਾ ਆਧਾਰ ਹੈ।


Babita

Content Editor Babita