ਗੇਟ ਮੂਹਰੇ ਡਿੱਗੇ ਪਏ 10-10 ਦੇ ਨੋਟਾਂ ਨੇ ਘਰ ਵਾਲਿਆਂ ਨੂੰ ਪਾਈਆਂ ਭਾਜੜਾਂ
Wednesday, Apr 29, 2020 - 10:50 AM (IST)
ਤਪਾ ਮੰਡੀ (ਸ਼ਾਮ, ਗਰਗ): ਸ਼ਹਿਰ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਲੀ 'ਚ 10-10 ਦੇ ਅਸਲੀ ਨੋਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਰੀ ਅਨੁਸਾਰ ਸ਼ਹਿਰ ਦੀ ਗਲੀ ਨੰਬਰ 08 'ਚ ਸਿਸਨਪਾਲ ਜੱਜ ਦੇ ਘਰ ਮੂਹਰੇ 40 ਕੁ ਰੁਪਏ ਦੇ ਕਰੀਬ ਦਸ-ਦਸ ਦੇ ਅਸਲੀ ਨੋਟ ਡਿੱਗੇ ਪਏ ਸੀ। ਇਨ੍ਹਾਂ ਰੁਪਿਆਂ ਦਾ ਪਤਾ ਸਿਸਨਪਾਲ ਨੂੰ ਸਵੇਰੇ ਉੱਠ ਕੇ ਉਸ ਸਮੇਂ ਲੱਗਾ ਜਦੋਂ ਉਹ ਆਪਣੇ ਗੇਟ 'ਤੇ ਆਏ ਪਰ ਉਨ੍ਹਾਂ ਨੇ ਨੋਟਾਂ ਨੂੰ ਚੁੱਕਣ ਦੀ ਬਜਾਏ ਤਪਾ ਪੁਲਸ ਸੂਚਿਤ ਕੀਤਾ।
ਇਸ ਮੌਕੇ ਸਿਟੀ ਚੌਕੀ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚੇ ਅਤੇ ਗਲੀ 'ਚ ਡਿੱਗੇ ਹੋਏ ਦਸ-ਦਸ ਦੇ ਨੋਟਾਂ ਦਾ ਜਾਇਜ਼ਾ ਲਿਆ। ਸਹਾਇਕ ਥਾਣੇਦਾਰ ਵੱਲੋਂ ਡਿੱਗੇ ਹੋਏ ਨੋਟਾਂ 'ਤੇ ਸੈਨਾਟਾਈਜ਼ਰ ਦਾ ਛਿੜਕਾਅ ਕੀਤਾ ਅਤੇ ਹੱਥਾਂ 'ਤੇ ਦਸਤਾਨੇ ਚੜਾ ਕੇ ਇਕ ਲਿਫਾਫੇ 'ਚ ਨੋਟਾਂ ਨੂੰ ਬੰਦ ਕਰ ਲਿਆ ਗਿਆ।
ਇਸ ਮੌਕੇ ਸਿਸਲਪਾਲ ਜੱਜ ਨੇ ਕਿਹਾ ਕਿ ਕੋਰੋਨਾ ਵਾਇਰਸ ਬੀਮਾਰੀ ਦਾ ਫੈਲਾਅ ਲੋਕਾਂ 'ਚ ਵੱਧ ਰਿਹਾ ਹੈ ਅਤੇ ਸ਼ਰਾਰਤੀ ਅਤੇ ਦੇਸ਼ਧ੍ਰੋਹੀ ਲੋਕ ਕੋਰੋਨਾ ਵਾਇਰਸ ਨੂੰ ਫਲਾਉਣ ਵਾਸਤੇ ਅਜਿਹੇ ਹੱਥਕੰਢੇ ਵਰਤ ਰਹੇ ਹਨ। ਇਸ ਲਈ ਇਸ ਮਹਾਮਾਰੀ ਦੇ ਚਲਦਿਆਂ ਕਿਸੇ ਵੀ ਵਿਅਕਤੀ ਨੂੰ ਸੜਕਾਂ ਜਾਂ ਗਲੀ ਮੁਹੱਲਿਆਂ 'ਚ ਡਿੱਗੇ ਪਏ ਰੁਪਿਆਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਤੁਰੰਤ ਸਬੰਧਤ ਥਾਣੇ ਦੀ ਪੁਲਸ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ। ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਕਿਹਾ ਇਹ ਸੁੱਟੇ ਗਏ ਰੁਪਿਆਂ ਸਬੰਧੀ ਪੂਰੀ ਜਾਂਚ ਕੀਤੀ ਜਾਵੇਗੀ।