ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਲਈ ਰੋਸ਼ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ ਦੀ ਅਰਥੀ ਫੂਕੀ

Monday, May 31, 2021 - 04:21 PM (IST)

ਤਪਾ ਮੰਡੀ (ਸ਼ਾਮ, ਗਰਗ) : ਸਫਾਈ ਸੇਵਕਾਂ ਦੀ ਹੜਤਾਲ 19ਵੇਂ ਦਿਨ ਸ਼ਾਮਲ ਹੋ ਗਈ ਹੈ ਪਰ ਸੂਬਾ ਸਰਕਾਰ ਵੱਲੋਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ‘ਚ ਬਾਲਮੀਕ ਚੌਂਕ ‘ਚ ਸਫਾਈ ਸੇਵਕਾਂ ਨੇ ਡੀ. ਟੀ. ਐਫ, ਅਧਿਆਪਕ ਜੱਥੇਬੰਦੀ, ਮਜ਼ਦੂਰ ਸੰਗਠਨਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ਕਾਰਨ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਬਰਾਬਰ ਕੰਮ ਬਰਾਬਰ ਤਨਖਾਹ, ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕਰਨੀ, ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਸਫਾਈ ਸੇਵਕਾਂ ਦੀ ਭਰਤੀ ਕਰਨੀ, ਮੁਲਾਜ਼ਮਾਂ ਨੂੰ ਕਿੱਤਾ ਟੈਕਸ ਤੋਂ ਛੋਟ ਦੇਣੀ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਦੀਆਂ ਸੋਧਾਂ ਰੱਦ ਕਰਨੀਆਂ, ਮੁਲਾਜ਼ਮਾਂ ਨੂੰ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਤੋਂ ਛੋਟ ਦੇਣੀ ਆਦਿ ਮੰਗਾਂ ਦੇ ਵਿਰੋਧ ‘ਚ ਸਫਾਈ ਸੇਵਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਗਲੀ ਮੁਹੱਲਿਆਂ, ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਅੱਗੇ ਵਧਿਆ ਅਤੇ ਬਾਲਮੀਕ ਚੌਂਕ ‘ਚ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ‘ਚ ਕੂੜੇ ਦੇ ਢੇਰ ਲੱਗੇ ਪਏ ਹਨ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ। ਦੂਸਰੇ ਪਾਸੇ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀਂ ਨੇ ਸਫਾਈ ਸੇਵਕਾਂ ਦੇ ਸਮਰਥਨ ‘ਚ ਨਗਰ ਕੌਂਸਲ ਧਰਨੇ 'ਤੇ ਪੁੱਜ ਕੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸਫਾਈ ਸੇਵਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਪ੍ਰਵਾਨ ਕੀਤੀਆਂ ਜਾਣਗੀਆਂ। 


Babita

Content Editor

Related News