ਫਲਾਇੰਗ ਟੀਮਾਂ ਨੇ ਕਬਜ਼ੇ ''ਚ ਲਈਆਂ ਭਗਵੰਤ ਮਾਨ ਦੀਆਂ ਕੁਰਸੀਆਂ

Tuesday, Mar 26, 2019 - 09:56 AM (IST)

ਫਲਾਇੰਗ ਟੀਮਾਂ ਨੇ ਕਬਜ਼ੇ ''ਚ ਲਈਆਂ ਭਗਵੰਤ ਮਾਨ ਦੀਆਂ ਕੁਰਸੀਆਂ

ਤਪਾ ਮੰਡੀ (ਸ਼ਾਮ) : ਲੋਕ ਸਭਾ ਚੋਣਾਂ ਕਾਰਨ ਸਾਰੇ ਦੇਸ਼ ਵਿਚ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਕੋਈ ਵੀ ਰਾਜਨੀਤਕ ਆਗੂ ਜਾਂ ਵਰਕਰ ਵੋਟਰਾਂ ਨੂੰ ਲੁਭਾਉਣ ਲਈ ਕੋਈ ਵੀ ਅਜਿਹੀ ਚੀਜ਼ ਨਹੀਂ ਵੰਡ ਸਕਦਾ, ਜਿਸ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ। ਸੋਮਵਾਰ ਸਵੇਰੇ ਇਲਾਕੇ ਵਿਚ ਘੁੰਮ ਰਹੀਆਂ ਫਲਾਇੰਗ ਟੀਮਾਂ ਨੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਦੇ ਨਾਂ ਦੀਆਂ 26 ਕੁਰਸੀਆਂ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਟਰੈਕਟਰ-ਟਰਾਲੀ ਦੇ ਚਾਲਕ ਭੋਲਾ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਇਹ ਕੁਰਸੀਆਂ ਪਿੰਡ ਜੈਮਲ ਸਿੰਘ ਵਾਲਾ ਸੰਗਰੂਰ ਜ਼ਿਲੇ ਦੀ ਫੈਕਟਰੀ ਮੂਲੋਵਾਲ ਤੋਂ ਭੇਜੀਆਂ ਗਈਆਂ ਹਨ, ਬਾਕੀ ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ।

PunjabKesari

ਚੋਣ ਇਲੈਕਸ਼ਨ ਦੇ ਕਾਨੂਗੋ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਕੁਰਸੀਆਂ ਸਣੇ ਇਕ ਟਰੈਕਟਰ-ਟਰਾਲੀ ਜੋ ਭਗਵੰਤ ਮਾਨ ਮੈਂਬਰ ਲੋਕ ਸਭਾ ਦੇ ਨਾਂ ਦੀਆਂ ਕੁਰਸੀਆਂ ਲੈ ਕੇ ਜਾ ਰਹੀ ਸੀ, ਨੂੰ ਸਾਡੀ ਫਲਾਇੰਗ ਟੀਮ ਨੇ ਕਬਜ਼ੇ ਵਿਚ ਲਿਆ ਹੈ, ਜੇਕਰ ਫੈਕਟਰੀ ਮਾਲਕ ਇਸ ਦਾ ਸਬੂਤ ਕੋਈ ਦਿੰਦਾ ਹੈ ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਬਕਾਇਦਾ ਤੌਰ 'ਤੇ ਇਸ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰੀਸ਼ ਭੋਤਨਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਈ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ। ਇਹ ਕੁਰਸੀਆਂ ਦਾ ਆਰਡਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਸ ਦੀ ਅਦਾਇਗੀ ਮੁਲੋਵਾਲ ਫੈਕਟਰੀ ਨੂੰ ਕੀਤੀ ਹੋਈ ਹੈ, ਜਿਸ ਦੇ ਸਾਡੇ ਕੋਲ ਪੂਰੇ ਸਬੂਤ ਹਨ ਅਤੇ ਆਰਡਰ ਦੀ ਕਾਪੀ ਸਬੰਧਤ ਦਫਤਰ ਨੂੰ ਦੇ ਦਿੱਤੀ ਗਈ ਹੈ, ਅਸੀਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰਨਾ ਪਸੰਦ ਕਰਦੇ ਹਾਂ। ਪ੍ਰਸ਼ਾਸਨ ਬਿਨਾਂ ਮਤਲਬ ਤੋਂ ਪਰੇਸ਼ਾਨ ਕਰ ਰਿਹਾ ਹੈ, ਜਦੋਂਕਿ ਇਹ ਕੁਰਸੀਆਂ ਆਮ ਲੋਕਾਂ ਦੀ ਸਹੂਲਤ ਲਈ ਭੇਜੀਆਂ ਜਾ ਰਹੀਆਂ ਹਨ।


Related News