ਟਾਂਡਾ ਦਾ ਨੌਜਵਾਨ ਡਾਕਟਰ ਲਵਪ੍ਰੀਤ ਪਾਬਲਾ ਬਣਿਆ ਆਈ. ਐੱਮ. ਏ.ਪੰਜਾਬ ਕਮੇਟੀ ਦਾ ਮੈਂਬਰ
Wednesday, Jun 22, 2022 - 12:26 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਨੌਜਵਾਨ ਡਾਕਟਰ ਲਵਪ੍ਰੀਤ ਸਿੰਘ ਪਾਬਲਾ ਨੂੰ ਆਈ. ਐੱਮ. ਏ. ਪੰਜਾਬ ਰਾਜ ਸ਼ਾਖਾ ਵੱਲੋਂ ਡਾਕਟਰਾਂ 'ਤੇ ਹਮਲੇ ਸਬੰਧੀ ਸੂਬਾ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਟਾਂਡਾ ਵਿਖੇ ਹੋਈ ਮੀਟਿੰਗ ਦੌਰਾਨ ਆਈ. ਐੱਮ. ਏ.ਟਾਂਡਾ ਬਰਾਂਚ ਦੇ ਮੁਖੀ ਡਾ. ਡੀ. ਐੱਲ. ਬਡਵਾਲ, ਡਾ. ਕੇਵਲ ਸਿੰਘ ਕਾਜਲ ਨੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ ਸਕੱਤਰ ਡਾ. ਸੁਨੀਲ ਕਤਿਆਲ ਅਤੇ ਵਿੱਤ ਸਕੱਤਰ ਡਾ. ਰਵਿੰਦਰ ਸਿੰਘ ਬੱਲ ਵੱਲੋਂ ਵੇਵਜ਼ ਹਸਪਤਾਲ ਦੇ ਡਾ. ਲਵਪ੍ਰੀਤ ਸਿੰਘ ਪਾਬਲਾ ਲਈ ਜਾਰੀ ਕੀਤਾ ਇਹ ਨਿਯੁਕਤੀ ਪੱਤਰ ਸੌਂਪਿਆ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੂੰ ਸੂਬਾ ਕਮੇਟੀ ਵਿੱਚ ਥਾਂ ਮਿਲੀ ਹੈ।
ਇਸ ਮੌਕੇ ਡਾ. ਪਾਬਲਾ ਨੇ ਕਿਹਾ ਕਿ ਦੇਸ਼ ਵਿਚ ਡਾਕਟਰਾਂ ਦੀ ਸੁਰੱਖਿਆ ਇਕ ਵੱਡਾ ਸਵਾਲ ਹੈ। ਇਸ ਦੇ ਨਾਲ ਹੀ ਇਸ ਨੇਕ ਕਿੱਤੇ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਡਾਕਟਰਾਂ 'ਤੇ ਇਸੇ ਤਰ੍ਹਾਂ ਹਮਲੇ ਹੁੰਦੇ ਰਹੇ ਤਾਂ ਕੋਈ ਵੀ ਇਸ ਕਿੱਤੇ 'ਚ ਆਉਣਾ ਨਹੀਂ ਚਾਹੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਦੇਖਿਆ ਹੈ ਕਿ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ
ਉਨ੍ਹਾਂ ਦੱਸਿਆ ਕਿ ਹਸਪਤਾਲ ਅਜਿਹੀ ਥਾਂ ਹੈ, ਜਿੱਥੇ ਭਾਵਨਾਵਾਂ ਦਾ ਹੜ੍ਹ ਆ ਜਾਂਦਾ ਹੈ। ਜਦੋਂ ਬਦਕਿਸਮਤੀ ਨਾਲ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰ ਆਪਣਾ ਆਪਾ ਗੁਆ ਲੈਂਦਾ ਹੈ ਅਤੇ ਇਸ ਲਈ ਡਾਕਟਰ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਡਾਕਟਰ ਨੂੰ ਜ਼ਿੰਦਗੀ ਅਤੇ ਮੌਤ ਲਈ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਡਾਕਟਰ ਆਪਣੇ ਹੁਨਰ ਦੀ ਵਰਤੋਂ ਕਰਕੇ ਮਰੀਜ਼ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਹਰ ਕੋਸ਼ਿਸ਼ ਸਫ਼ਲ ਹੋਣ ਲਈ ਜ਼ਰੂਰੀ ਨਹੀਂ ਹੈ। ਕਈ ਵਾਰ ਅਸਫਲਤਾ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰ ਹਮੇਸ਼ਾ ਸੇਵਾ ਮਿਸ਼ਨ ਨਾਲ ਇਲਾਜ ਕਰਦੇ ਹਨ ਅਤੇ ਫਿਰ ਵੀ ਜਦੋਂ ਵੀ ਬੇਵਜਾ ਡਾਕਟਰਾਂ 'ਤੇ ਹਮਲਾ ਅਤੇ ਦੁਰਵਿਵਹਾਰ ਕੀਤਾ ਗਿਆ ਤਾਂ ਕਮੇਟੀ ਡਾਕਟਰਾਂ ਦੇ ਨਾਲ ਖੜ੍ਹੀ ਹੋਵੇਗੀ। ਇਸ ਮੌਕੇ ਆਈ. ਐੱਮ. ਏ. ਟਾਂਡਾ ਬ੍ਰਾਂਚ ਦੇ ਮੈਂਬਰਾਂ ਅਤੇ ਵਿਜ਼ਨ ਕੇਅਰ ਸੁਸਾਇਟੀ ਦੇ ਮੈਂਬਰਾ ਡਾ. ਗੁਰਜੋਤ ਸਿੰਘ ਪਾਬਲਾ, ਡਾ. ਵਰਿੰਦਰਪਾਲ ਸਿੰਘ, ਮਾਸਟਰ ਅਵਤਾਰ ਸਿੰਘ ਮਸੀਤੀ, ਸੁਖਚੈਨ ਸਿੰਘ, ਜਗਦੀਪ ਮਾਨ, ਐਡਵੋਕੇਟ ਹਰਦੀਪ ਸਿੰਘ, ਰਜਿੰਦਰ ਸਿੰਘ ਜੌਹਲ ਨੇ ਡਾ. ਪਾਬਲਾ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਪਾਸ ਪੰਜਾਬ ਲੋਕ ਆਯੁਕਤ ਬਿੱਲ ਦੇ ਇਸ ਵਾਰ ਵੀ ਵਿਧਾਨ ਸਭਾ ’ਚ ਆਉਣ ਦੀ ਸੰਭਾਵਨਾ ਘੱਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ