ਠੰਡ ਨੇ ਝੰਬੇ ਕਿੰਨੂ ਉਤਪਾਦਕ, ਫਲ ਹੋ ਰਿਹੈ ਖਰਾਬ
Friday, Jan 10, 2020 - 12:49 PM (IST)

ਤਲਵੰਡੀ ਸਾਬੋ (ਮਨੀਸ਼) : ਉੱਤਰੀ ਭਾਰਤ ਵਿਚ ਪੈ ਰਹੀ ਠੰਡ ਅਤੇ ਮੀਂਹ ਜਿੱਥੇ ਕਣਕ ਦੀ ਫਸਲ ਲਈ ਲਾਹੇਵੰਦ ਹੋਣ 'ਤੇ ਕਿਸਾਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ, ਉਥੇ ਹੀ ਮਾਲਵੇ ਦੇ ਕਿੰਨੂ ਉਤਪਾਦਕ ਇਸ ਠੰਡ ਅਤੇ ਮੀਂਹ ਤੋਂ ਖਾਸੇ ਨਿਰਾਸ਼ ਹਨ। ਹਾਲਾਂਕਿ ਬੂਟੇ ਫਲ ਨਾਲ ਲੱਦੇ ਪਏ ਹਨ ਪਰ ਮੀਂਹ ਨਾਲ ਕਾਫੀ ਫਲ ਝੜ ਗਿਆ ਹੈ। ਰਹਿੰਦੀ ਕਸਰ ਧੁੰਦ ਤੇ ਕੋਹਰੇ ਨੇ ਕੱਢ ਦਿੱਤੀ, ਜਿਸ ਨਾਲ ਫਲ ਖਰਾਬ ਹੋ ਰਿਹਾ ਹੈ। ਉਪਰੋਂ ਸਰਕਾਰਾਂ ਵਲੋਂ ਕਿੰਨੂ ਉਤਪਾਦਕਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ।
ਕਿੰਨੂ ਉਤਪਾਦਕਾਂ ਦਾ ਗਿਲਾ ਹੈ ਕਿ ਇਕ ਪਾਸੇ ਸਰਕਾਰ ਉਨ੍ਹਾਂ ਨੂੰ ਫਸਲੀ ਚੱਕਰ 'ਚੋਂ ਨਿਕਲਣ ਲਈ ਕਹਿੰਦੀ ਹੈ ਤੇ ਜਦੋਂ ਕੋਈ ਕਿਸਾਨ ਫਸਲੀ ਚੱਕਰ 'ਚੋਂ ਨਿਕਲ ਬਾਗਬਾਨੀ ਵੱਲ ਜਾਂਦਾ ਹੈ ਤਾਂ ਸਰਕਾਰ ਉਸ ਦੀ ਬਾਂਹ ਨਹੀਂ ਫੜਦੀ। ਕਿੰਨੂ ਉਤਪਾਦਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫਸਲ ਦੀ ਮਾਰਕਿਟਿੰਗ ਦਾ ਚੰਗਾ ਪ੍ਰਬੰਧ ਕੀਤਾ ਜਾਵੇ ਤੇ ਲੋੜ ਮੁਤਾਬਕ ਸਬਸਿਡੀ ਦਿੱਤੀ ਜਾਵੇ ਤਾਂ ਜੋ ਫਸਲੀ ਚੱਕਰ 'ਚੋਂ ਨਿਕਲ ਕਿਸਾਨ ਖੁਸ਼ਹਾਲ ਹੋ ਸਕਣ।