ਤਲਵੰਡੀ ਸਾਬੋ 'ਚ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ
Thursday, Jul 25, 2019 - 12:41 PM (IST)

ਤਲਵੰਡੀ ਸਾਬੋ(ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਅੱਜ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਨਾਲ ਸਬੰਧਤ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਲਵੰਡੀ ਸਾਬੋ ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਜੋਗੇਵਾਲਾ ਨਿਵਾਸੀ ਹਰਦੇਵ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨੂੰ ਨਾਲ ਲੈ ਕੇ ਬੀਤੀ ਰਾਤ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਵਿਖੇ ਰਹਿੰਦੇ ਆਪਣੇ ਭਰਾ ਸੁਖਦੇਵ ਸਿੰਘ ਨੂੰ ਮਿਲਣ ਲਈ ਪੁੱਜੇ ਸਨ। ਅੱਜ ਸਵੇਰੇ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਦੋਂ ਵਾਪਸ ਪਿੰਡ ਜੋਗੇਵਾਲਾ ਜਾਣ ਲੱਗੇ ਤਾਂ ਉਨ੍ਹਾਂ ਦਾ ਭਤੀਜਾ ਅਮਰੀਕ ਸਿੰਘ ਵੀ ਉਨ੍ਹਾਂ ਨਾਲ ਜਾਣ ਲਈ ਤਿਆਰ ਹੋ ਗਿਆ। ਤਿੰਨੋਂ ਜਦੋਂ ਅਜੇ ਪਿੰਡ ਜਗਾ ਰਾਮ ਤੀਰਥ ਤੋਂ ਬਾਹਰ ਨਿਕਲ ਕੇ ਤਲਵੰਡੀ ਸਾਬੋ ਮਾਨਸਾ ਰੋਡ ਕਰਾਸ ਕਰਨ ਲੱਗੇ ਤਾਂ ਦੇਖਣ ਵਾਲਿਆਂ ਅਨੁਸਾਰ ਮਾਨਸਾ ਵਾਲੇ ਪਾਸਿਉਂ ਆ ਰਹੀ ਹੌਂਡਾ ਸਿਟੀ ਕਾਰ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਉਕਤ ਹਾਦਸੇ 'ਚ ਹਰਦੇਵ ਸਿੰਘ ਅਤੇ ਉਸਦੀ ਪਤਨੀ ਪਰਮਜੀਤ ਕੌਰ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਭਤੀਜੇ ਅਮਰੀਕ ਸਿੰਘ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਦੀ ਟੀਮ ਨੇ ਹੈਪੀ ਸਿੰਘ ਦੀ ਅਗਵਾਈ 'ਚ ਐਂਬੂਲੈਂਸ ਰਾਹੀਂ ਪਹਿਲਾਂ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਜਿੱਥੋਂ ਉਸਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਪਰ ਉਹ ਰਸਤੇ 'ਚ ਹੀ ਦਮ ਤੋੜ ਗਿਆ।
ਉਕਤ ਮੌਤਾਂ ਨਾਲ ਜੋਗੇਵਾਲਾ ਅਤੇ ਜਗਾ ਰਾਮ ਤੀਰਥ ਪਿੰਡਾਂ 'ਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਉੱਧਰ ਤਲਵੰਡੀ ਸਾਬੋ ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।