ਜ਼ਮੀਨ ਤੇ ਘਰ ਵੇਚ ਕੇ ਕੈਨੇਡਾ ਭੇਜੀ ਨੂੰਹ, ਅੱਜ ਤੱਕ ਨਹੀਂ ਸੱਦਿਆ ਪੁੱਤ

Saturday, Feb 15, 2020 - 11:11 AM (IST)

ਜ਼ਮੀਨ ਤੇ ਘਰ ਵੇਚ ਕੇ ਕੈਨੇਡਾ ਭੇਜੀ ਨੂੰਹ, ਅੱਜ ਤੱਕ ਨਹੀਂ ਸੱਦਿਆ ਪੁੱਤ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਇਕ ਨੌਜਵਾਨ ਨਾਲ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦੇ ਨਾਂ 'ਤੇ 25 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ 'ਚ ਪੁਲਸ ਨੇ ਜਾਂਚ ਤੋਂ ਬਾਅਦ ਲੜਕੀ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੁਖਮੰਦਰ ਸਿੰਘ ਵਾਸੀ ਲਹਿਰੀ ਨੇ ਜ਼ਿਲਾ ਪੁਲਸ ਮੁਖੀ ਬਠਿੰਡਾ ਨੂੰ ਦਿੱਤੀ ਇਕ ਦਰਖਾਸਤ 'ਚ ਦੋਸ਼ ਲਾਇਆ ਕਿ ਅਖਬਾਰ ਦੇ ਇਸ਼ਤਿਹਾਰ ਰਾਹੀਂ ਲੜਕੇ ਪ੍ਰੀਤਮ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਲਿਜਾਣ ਲਈ ਰਮਨਪ੍ਰੀਤ ਕੌਰ ਵਾਸੀ ਫਤਿਹਗੜ੍ਹ ਚੂੜੀਆਂ ਅਤੇ ਉਸ ਦੇ ਪਰਿਵਾਰ ਨੇ 25 ਲੱਖ ਦੀ ਠੱਗੀ ਮਾਰ ਲਈ ਹੈ। ਉਨ੍ਹਾਂ ਦਰਖਾਸਤ 'ਚ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਸਾਡੇ ਤੋਂ ਲੜਕੀ ਨੂੰ ਕੈਨੇਡਾ ਭੇਜਣ ਲਈ 18 ਲੱਖ 50 ਹਜ਼ਾਰ ਦੀ ਮੰਗ ਕੀਤੀ, ਜੋ ਰਕਮ ਉਨ੍ਹਾਂ ਦੇ ਖਾਤੇ 'ਚ ਪਾ ਦਿੱਤੀ ਗਈ ਸੀ। 6 ਨਵੰਬਰ 2016 ਨੂੰ ਦੋਵਾਂ ਦਾ ਵਿਆਹ ਕਰਵਾਉਣ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਵਿਖੇ ਵਿਆਹ ਰਜਿਸਟਰਡ ਵੀ ਕਰਵਾ ਦਿੱਤਾ ਗਿਆ।

ਵਿਆਹ ਤੋਂ ਬਾਅਦ ਰਮਨਪ੍ਰੀਤ ਕੌਰ ਦੇ ਕੈਨੇਡਾ ਜਾਣ ਸਮੇਂ 2 ਲੱਖ ਨਕਦ, ਇਕ ਲੱਖ ਦੇ ਕੱਪੜੇ, ਲੈਪਟਾਪ, ਮੋਬਾਇਲ ਆਦਿ ਵੀ ਰਮਨਪ੍ਰੀਤ ਕੌਰ ਨੂੰ ਦੇ ਦਿੱਤਾ। ਕੈਨੇਡਾ ਜਾਣ ਤੋਂ ਬਾਅਦ ਕੁਝ ਪੈਸੇ ਵਾਪਸ ਵੀ ਕਰ ਦਿੱਤੇ ਪਰ ਬਾਅਦ 'ਚ ਕੈਨੇਡਾ ਵਿਖੇ ਨਵਾਂ ਕੋਰਸ ਜੁਆਇਨ ਕਰਨ ਲਈ 11 ਲੱਖ ਰੁਪਏ ਦਿੱਤੇ ਗਏ, ਜਦੋਂਕਿ ਹੋਰ ਫੀਸਾਂ ਵੀ ਮੰਗਵਾਈਆਂ। ਉਨ੍ਹਾਂ ਦੋਸ਼ ਲਾਇਆ ਹੁਣ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ ਤੇ ਨਾ ਹੀ ਲੜਕੀ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਬੁਲਾ ਰਹੀ ਹੈ।

ਪੀੜਤ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ 25 ਲੱਖ ਦੀ ਠੱਗੀ ਮਾਰੀ ਗਈ, ਜੋ ਕਿ ਉਨ੍ਹਾਂ ਆਪਣੀ ਦੋ ਕਿੱਲੇ ਜ਼ਮੀਨ, ਇਕ ਪਲਾਟ, ਇਕ ਘਰ ਵੇਚ ਕੇ ਅਤੇ ਕੁਝ ਪੈਸੇ ਉਧਰ ਫੜ ਕੇ ਦਿੱਤੇ ਸਨ। ਪੀੜਤ ਨੇ ਪੁਲਸ ਤੋਂ ਕਥਿਤ ਦੋਸ਼ੀਆਂ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ। ਜ਼ਿਲਾ ਪੁਲਸ ਮੁਖੀ ਨੇ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਥਾਣਾ ਤਲਵੰਡੀ ਸਾਬੋ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਤਲਵੰਡੀ ਸਾਬੋ ਪੁਲਸ ਨੇ ਪੀੜਤ ਸੁਖਮੰਦਰ ਸਿੰਘ ਵਾਸੀ ਲਹਿਰੀ ਦੇ ਬਿਆਨ 'ਤੇ ਲੜਕੀ ਰਮਨਪ੍ਰੀਤ ਕੌਰ, ਉਸ ਦੇ ਪਿਤਾ ਗੁਰਚਰਨ ਸਿੰਘ, ਉਸ ਦੀ ਮਾਤਾ ਮਨਜੀਤ ਕੌਰ, ਉਸ ਦੇ ਭਰਾ ਦਲਜੀਤ ਸਿੰਘ ਅਤੇ ਉਸ ਦੀ ਭੈਣ ਸਰਬਜੀਤ ਕੌਰ ਖਿਲ਼ਾਫ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News