ਬੋਨੀ ਅਜਨਾਲਾ ਦੀ ਅਕਾਲੀ ਦਲ ''ਚ ਵਾਪਸੀ ''ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
Saturday, Feb 08, 2020 - 06:51 PM (IST)

ਅੰਮ੍ਰਿਤਸਰ (ਛੀਨਾ) : ਅਕਾਲੀ ਦਲ ਛੱਡ ਕੇ ਟਕਸਾਲੀ ਦਲ ਵਿਚ ਗਏ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਪਾਰਟੀ ਵਾਪਸ ਆਉਣ ਦੀਆਂ ਕਨਸੋਹਾਂ ਦਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਪੱਸ਼ਟੀਕਰਨ ਦਿੱਤਾ ਹੈ। ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਕਾਲੀ ਦਲ 'ਚ ਵਾਪਸੀ ਸਬੰਧੀ ਪੁੱਛੇ ਸਵਾਲ ਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਬੋਨੀ ਅਜਨਾਲਾ ਨਾਲ ਫਿਲਹਾਲ ਅਜੇ ਤਕ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਜੇਕਰ ਬਾਗੀ ਪਾਰਟੀ 'ਚ ਵਾਪਸ ਆਉਣਾ ਚਾਹੁਣ ਤਾਂ ਮਾਮਲੇ ਨੂੰ ਵਿਚਾਰਿਆ ਜਾ ਸਕਦਾ ਹੈ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਵੱਡੀ ਗਿਣਤੀ 'ਚ ਅਕਾਲੀ ਆਗੂ ਘਰ ਵਾਪਸੀ ਲਈ ਉਨ੍ਹਾਂ ਦੇ ਸੰਪਰਕ 'ਚ ਵੀ ਹਨ। ਸੁਖਬੀਰ ਅੱਜ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਦੇ ਗ੍ਰਹਿ ਵਿਖੇ 13 ਫਰਵਰੀ ਦੀ ਰੈਲੀ ਸਬੰਧੀ ਅਕਾਲੀ ਆਗੂਆਂ, ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ।
ਇਸ ਦੌਰਾਨ ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਸ ਨੂੰ ਛੱਡ ਕੇ ਜਾਣ ਵਾਲਿਆਂ ਦਾ ਆਪਣਾ ਹੀ ਨੁਕਸਾਨ ਹੈ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ। ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ 'ਚ ਚੋਣ ਪ੍ਰਚਾਰ ਕਰਨ ਸਬੰਧੀ ਟਿੱਪਣੀ ਕਰਦਿਆਂ ਆਖਿਆ ਕਿ ਕੈਪਟਨ ਨੂੰ ਤਾਂ ਹੁਣ ਪੰਜਾਬ 'ਚ ਕੋਈ ਨਹੀਂ ਜਾਣਦਾ ਦਿੱਲੀ 'ਚ ਉਸ ਨੂੰ ਕਿਹੜਾ ਪਛਾਣਦਾ ਹੋਵੇਗਾ, ਕੈਪਟਨ ਦਾ ਤਾਂ ਮੁੱਖ ਮਕਸਦ ਸਿਰਫ ਮੁੱਖ ਮੰਤਰੀ ਬਣਨਾ ਸੀ ਜਿਸ ਵਿਚ ਉਹ ਸਫਲ ਹੋ ਗਿਆ ਹੈ, ਹੁਣ ਉਸ ਨੂੰ ਪੰਜਾਬ ਤੇ ਪੰਜਾਬ ਵਾਸੀਆਂ ਦੀ ਕੋਈ ਪਰਵਾਹ ਨਹੀਂ ਹੈ ਕਿਉਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਭਵਿੱਖ 'ਚ ਉਸ ਨੇ ਦੁਬਾਰਾ ਚੋਣ ਨਹੀਂ ਲੜਨੀ। ਬਾਦਲ ਨੇ ਜੇਲਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਗੱਲ ਕਰਦਿਆਂ ਆਖਿਆ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਖੁਦ ਸੁਪਰ ਗੈਂਗਸਟਰ ਹੈ ਤਾਂ ਫਿਰ ਜੇਲਾਂ ਦੀ ਸੁਰੱਖਿਆ ਤਾਂ ਰੱਬ ਆਸਰੇ ਹੀ ਹੋਵੇਗੀ।