ਟਕਸਾਲੀਆਂ ''ਤੇ ਵਰ੍ਹੇ ਮਜੀਠੀਆ, ਬੋਨੀ ਅਜਨਾਲਾ ਦੀ ਵਾਪਸੀ ''ਤੇ ਦਿੱਤਾ ਵੱਡਾ ਬਿਆਨ

Monday, Feb 10, 2020 - 06:55 PM (IST)

ਅੰਮ੍ਰਿਤਸਰ (ਛੀਨਾ) : ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਮੋਕਾਪ੍ਰਸਤ ਹਨ। ਇਹ ਵਿਚਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 13 ਫਰਵਰੀ ਦੀ ਰੈਲੀ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪਾਰਟੀ ਤੇ ਸਰਕਾਰ 'ਚ ਵੱਡੇ-ਵੱਡੇ ਅਹੁਦੇ ਹੰਡਾਉਣ ਤੋਂ ਬਾਅਦ ਔਖੇ ਵੇਲੇ ਪਾਰਟੀ ਨਾਲ ਖੜਨ ਦੀ ਬਜਾਏ ਮੌਕਾਪ੍ਰਸਤਾਂ ਵਲੋਂ ਜੋ ਕਾਰੇ ਕੀਤੇ ਜਾ ਰਹੇ ਹਨ, ਉਸ ਨੂੰ ਪੰਜਾਬ ਵਾਸੀ ਚੰਗੀ ਤਰ੍ਹਾਂ ਦੇਖ ਰਹੇ ਹਨ। ਮਜੀਠੀਆ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਮੁੱਦੇ 'ਤੇ ਗੱਲ ਕਰਦਿਆਂ ਆਖਿਆ ਕਿ ਬੋਨੀ ਅਜਨਾਲਾ ਜੇਕਰ ਪਾਰਟੀ 'ਚ ਵਾਪਸ ਆਉਣਾ ਚਾਹੇ ਤਾਂ ਆ ਸਕਦਾ ਹੈ ਕਿਉਂਕਿ ਜਾਣ ਦਾ ਵੀ ਫੈਸਲਾ ਉਸ ਦਾ ਹੀ ਸੀ ਤੇ ਆਉਣ ਦਾ ਵੀ ਹੁਣ ਉਸ ਨੇ ਹੀ ਫੈਸਲਾ ਲੈਣਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 11 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ 'ਤੇ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਲੋਕਾਂ ਨੂੰ ਮੂਰਖ ਬਨਾਉਣਾ ਬੰਦ ਕਰਨ ਕਿਉਂਕਿ ਕਾਂਗਰਸ ਦੇ ਰਾਜ 'ਚ ਨੌਕਰੀਆ ਮੰਗਣ ਵਾਲਿਆਂ ਨਾਲ ਤਾਂ ਛਿੱਤਰ ਪਰੇਡ ਕੀਤਾ ਜਾ ਰਿਹਾ ਹੈ ਫਿਰ ਕੈਪਟਨ ਸਾਹਿਬ ਨੇ ਕਿਹੜੇ 11 ਲੱਖ ਨੌਜਵਾਨਾਂ ਨੂੰ ਨੌਕਰੀਆ ਦੇ ਦਿਤੀਆ ਹਨ। ਇਸ ਬਾਰੇ ਜਰਾ ਵਿਸਥਾਰ ਨਾਲ ਖੁਲਾਸਾ ਕਰਕੇ ਸੂਬੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਖੇਚਲ ਕਰਨ। 

ਮਜੀਠੀਆ ਨੇ ਕਿਹਾ ਕਿ ਕਾਗਰਸ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ ਜਿਸ ਨੇ ਬਿਜਲੀ ਦੇ ਰੇਟ ਅਸਮਾਨੀ ਪਹੁੰਚਾ ਕੇ ਲੋਕਾਂ ਦੀ ਜਾਨ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੋਸ ਰੈਲੀਆਂ 'ਚ ਕਾਂਗਰਸ ਦੀਆਂ ਵਧੀਕੀਆਂ ਤੇ ਝੂਠ ਨੂੰ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਆਖੀਰ 'ਚ ਆਖਿਆ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਸਰਪ੍ਰਸਤੀ ਹੇਠ ਜੇਲਾਂ 'ਚ ਸਭ ਗੈਰ ਕਾਨੂੰਨੀ ਕੰਮ ਹੋ ਰਹੇ ਹਨ ਤੇ ਜੇਕਰ ਇਹ ਸਭ ਕੁਝ ਇਵੇਂ ਹੀ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਬੇਹੱਦ ਭਿਆਨਕ ਹੋਵੇਗਾ।


Gurminder Singh

Content Editor

Related News