ਬਾਦਲਾਂ ਦੇ ਰਵੱਈਏ ਤੋਂ ਔਖੇ ਟਕਸਾਲੀਆਂ ਨੂੰ ਢੀਂਡਸਾ ਦੀ ਸਰਗਰਮੀ ਨੇ ਦਿੱਤੀ ਰਾਹਤ
Thursday, Jul 09, 2020 - 09:48 AM (IST)
ਬਾਘਾਪੁਰਾਣਾ (ਚਟਾਨੀ) : ਬਾਦਲ ਪਰਿਵਾਰ ਦੀ ਰਹਿਨੁਮਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਉਪਰ ਢੀਂਡਸਾ ਗਰੁੱਪ ਦੀ ਗ੍ਰਿਫ਼ਤ ਪੀਢੀ ਹੁੰਦੀ ਵੇਖ ਹੁਣ ਉਹ ਕਾਰਕੁਨ ਬਾਦਲਾਂ ਵਾਲੇ ਦਲ ਤੋਂ ਕਿਨਾਰਾ ਕਰਨ ਲੱਗੇ ਹਨ, ਜਿਹੜੇ ਲੰਬੇ ਸਮੇਂ ਤੋਂ ਬਾਦਲਾਂ ਨਾਲ ਬੱਝੇ ਆ ਰਹੇ ਸਨ। ਨਿਰੋਲ ਟਕਸਾਲੀ ਆਗੂ ਅਤੇ ਕਾਰਕੁਨ, ਜੋ ਪੰਥ ਨਾਲ ਆਪਣਾ ਗੂੜ੍ਹਾ ਰਿਸ਼ਤਾ ਸਮਝਦੇ ਆ ਰਹੇ ਹਨ, ਉਨ੍ਹਾਂ ਨੂੰ ਹੁਣ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ 'ਚ ਘੁਟਣ ਮਹਿਸੂਸ ਹੋਣ ਲੱਗੀ ਹੈ। ਅਜਿਹੇ ਅਨੇਕਾਂ ਆਗੂਆਂ ਅਤੇ ਕਾਰਕੁਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੋਈ ਢੁਕਵਾਂ ਬਦਲ ਨਾ ਵਿਖਾਈ ਦਿੰਦਾ ਹੋਣ ਕਰਕੇ ਉਹ ਕਈ ਵਰ੍ਹਿਆਂ ਤੋਂ ਪੰਥ ਦੀ ਸੇਵਾ ਬਾਦਲ ਦਲ ਦੀ ਸਰਪ੍ਰਸਤੀ ਵਾਲੇ ਅਕਾਲੀ ਦਲ ਦੇ ਝੰਡੇ ਹੇਠ ਕਰਦੇ ਆ ਰਹੇ ਹਨ, ਪਰ ਹੁਣ ਤੱਕ ਜਿਸ ਤਾਨਾਸ਼ਾਹੀ ਵਾਲੀ ਰਹਿਨੁਮਾਈ 'ਚ ਉਹ ਵਿਚਰੇ ਹਨ, ਉਸ ਬਾਰੇ ਉਹ ਹੀ ਜਾਣਦੇ ਹਨ।
ਅਜਿਹੇ ਦਰਜਨਾਂ ਕਾਰਕੁਨਾਂ ਨੇ ਕਿਹਾ ਕਿ ਹੁਣ ਉਹ ਢੀਂਡਸਾ ਤੋਂ ਵੱਡੀ ਉਮੀਦ ਰੱਖਦੇ ਹਨ ਕਿ ਉਹ ਅਕਾਲੀ ਦਲ 1920 ਵਾਲੇ ਸਿਧਾਂਤਾ ਦੀ ਬਹਾਲੀ ਕਰਨਗੇ ਅਤੇ ਉਹ ਵੱਡੀਆਂ ਸਿੱਖ ਸੰਸਥਾਵਾਂ ’ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਗੇ, ਇਨ੍ਹਾਂ ਵਰਕਰਾਂ ਅਤੇ ਆਗੂਆਂ ਨੇ ਦੱਸਿਆ ਕਿ ਇਧਰ ਮਾਲਵੇ ਦੇ ਜ਼ਿਲ੍ਹਾ ਮੋਗਾ ’ਚੋਂ ਕਈ ਵੱਡੇ ਨੇਤਾ ਅਜਿਹੇ ਹਨ, ਜੋ ਕਾਫਲਿਆਂ ਨਾਲ ਢੀਂਡਸਾ ਦੀ ਰਹਿਨੁਮਾਈ ਵਾਲੇ ਅਕਾਲੀ ਦਲ ’ਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ। ਸਰਵੇਖਣ ਦੌਰਾਨ ਅਕਾਲੀ ਆਗੂਆਂ ਦੀ ਇਸ ਸਬੰਧੀ ਟੋਹੀ ਗਈ ਨਬਜ਼ ਤੋਂ ਸਾਹਮਣੇ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਗੁੱਸਾ ਵੀ ਨਿਰੋਲ ਪੰਥਕ ਆਗੂਆਂ ਅਤੇ ਆਮ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਵੇਲੇ ਵਾਪਰੀਆਂ ਘਿਨਾਉਣੀਆਂ ਕਾਰਵਾਈਆਂ ਲਈ ਵੀ ਉਸ ਵੇਲੇ ਦੀ ਸਰਕਾਰ ਹੀ ਜ਼ਿੰਮੇਵਾਰ ਹੈ, ਜਿਸ ਨੇ ਦੋ ਸਾਲਾਂ 'ਚ ਦੋਸ਼ੀਆਂ ਦਾ ਕੋਈ ਥਹੁਪਤਾ ਨਹੀਂ ਲਾਇਆ। ਜਾਪਦਾ ਹੈ ਕਿ ਢੀਂਡਸਾ ਗਰੁੱਪ ਬਾਦਲਾਂ ਉਪਰ ਭਾਰੂ ਪਵੇਗਾ।