ਦੀਨਾਨਗਰ 'ਚ ਪਹੁੰਚੀਆਂ ਪੰਜਾਬ ਦੀਆਂ ਝਾਕੀਆਂ, ਲੋਕਾਂ ਨੇ ਕੀਤਾ ਭਰਵਾਂ ਸਵਾਗਤ (ਦੇਖੋ ਤਸਵੀਰਾਂ)

Monday, Feb 12, 2024 - 04:21 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ‘ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਅਹਿਮ ਯੋਗਦਾਨ’, ’ਨਾਰੀ ਸ਼ਕਤੀ’ ਅਤੇ 'ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਰੂਪਮਾਨ’ ਕਰਦੀਆਂ ਝਾਕੀਆਂ ਦਾ ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਦੀਨਾਨਗਰ ਸ਼ਹਿਰ ਦੇ ਬਾਈਪਾਸ ਵਿਖੇ ਇਨ੍ਹਾਂ ਝਾਕੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਦੀਨਾਨਗਰ ਮਨਜੀਤ ਸਿੰਘ ਅਤੇ ਉੱਘੇ ਜਨਤਕ ਆਗੂ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਹੁੰਚ ਕੇ ਝਾਕੀਆਂ ਦੇ ਦਰਸ਼ਨ ਕੀਤੇ।

PunjabKesari

ਇਹ ਵੀ ਪੜ੍ਹੋ : ਅੱਜ ਗੁਰਦਾਸਪੁਰ ਪਹੁੰਚਣਗੀਆਂ ਪੰਜਾਬ ਦੀਆਂ ਝਾਕੀਆਂ, ਰਾਤ ਨੂੰ ਜ਼ਿਲ੍ਹੇ 'ਚ ਹੀ ਹੋਵੇਗਾ ਠਹਿਰਾਅ

ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਇਨ੍ਹਾਂ ਝਾਕੀਆਂ ਵਿਚ ਜਲ੍ਹਿਆਂਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਦੀ ਘਟਨਾ ਨੂੰ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਦੂਜੀ ਝਾਕੀ ਜ਼ਰੀਏ ਨਾਰੀ ਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ) ਅਤੇ ਮਾਈ ਭਾਗੋ ਆਰਮਡ ਫੋਰਸਜ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ :  ਮਾਨਸਾ:  ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ

ਇਸ ਮੌਕੇ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨ੍ਹਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੇ ਰੂਬਰੂ ਕਰਨ ਲਈ ਕੀਤਾ ਗਿਆ। ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਬੇਮਿਸਾਲ ਹੈ । ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਇਹ ਸ਼ਾਨਦਾਰ ਝਾਕੀਆਂ, ਜਿਨ੍ਹਾਂ ਨੂੰ ਦਿੱਲੀ ਵਿਖੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਅਮੀਰ ਸਭਿਆਚਾਰ, ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਅਤੇ ਰਾਹ ਜਾਂਦੇ ਲੋਕਾਂ ਨੇ ਝਾਕੀਆਂ ਨਾਲ ਤਸਵੀਰਾਂ ਅਤੇ ਸੈਲਫੀਆਂ ਖਿਚਵਾਈਆਂ ਅਤੇ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਇਆ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਇਹ ਝਾਕੀਆਂ ਪਟਿਆਲਾ ਅਤੇ ਲੁਧਿਆਣਾ ਵਿਖੇ ਹੋਏ ਗਣਤੰਤਰ ਦਿਵਸ ਸਮਾਗਮਾਂ ਵਿਚ ਪ੍ਰਦਰਸ਼ਿਤ ਕਰਨ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀਆਂ ਹੋਈਆਂ ਪਠਾਨਕੋਟ ਜ਼ਿਲ੍ਹੇ ਰਾਹੀਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੀ ਹੱਦ ਵਿਚ ਦਾਖਲ ਹੋਈਆਂ। ਜਿੱਥੇ ਦੀਨਾਨਗਰ ਵਿਖੇ ਲੋਕਾਂ ਵੱਲੋਂ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਪਰੰਤ ਇਹ ਝਾਕੀਆਂ ਸ਼ਾਮ ਨੂੰ ਗੁਰਦਾਸਪੁਰ ਸ਼ਹਿਰ ਦੇ ਬੱਸ ਅੱਡੇ ਵਿਖੇ ਪ੍ਰਦਰਸ਼ਤ ਕੀਤੀਆਂ ਜਾਣਗੀਆਂ, ਜਿੱਥੇ ਰਾਤ ਦਾ ਪੜਾਅ ਹੋਵੇਗਾ। ਮਿਤੀ 13 ਫਰਵਰੀ ਨੂੰ ਇਨ੍ਹਾਂ ਝਾਕੀਆਂ ਨੂੰ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅਗਲੇ ਪੜਾਅ ਲਈ ਰਵਾਨਾ ਕੀਤਾ ਜਾਵੇਗਾ ਜਿੱਥੋਂ ਇਹ ਧਾਰੀਵਾਲ, ਨੌਸ਼ਹਿਰਾ ਮੱਝਾ ਸਿੰਘ ਤੋਂ ਹੁੰਦੀਆਂ ਹੋਈਆਂ ਬਟਾਲਾ ਸ਼ਹਿਰ ਵਿਖੇ ਪਹੁੰਚਣਗੀਆਂ। ਬਟਾਲਾ ਤੋਂ ਬਾਅਦ ਇਹ ਝਾਕੀਆਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਣਗੀਆਂ।

PunjabKesari

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News