ਐੱਸ. ਵਾਈ. ਐੱਲ. ਬਾਰੇ ਕੈਪਟਨ-ਖੱਟੜ ਦੀ ਪ੍ਰਸਤਾਵਿਤ ਮੀਟਿੰਗ ''ਤੇ ਬੋਲੇ ਸੁਖਬੀਰ ਬਾਦਲ
Tuesday, Aug 18, 2020 - 02:27 AM (IST)
ਚੰਡੀਗੜ੍ਹ,(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਰਾਜ ਦੇ ਮਹੱਤਵਪੂਰਨ ਹਿੱਤਾਂ ਨਾਲ ਸਮਝੌਤਾ ਕਰਨ ਵਾਲੇ ਗੁਪਤ ਸਮਝੌਤੇ ਖਿਲਾਫ ਹਨ, ਕਿਉਂਕਿ ਦਰਿਆਈ ਪਾਣੀ ਸਰਹੱਦੀ ਸੂਬੇ ਦੇ ਲੋਕਾਂ ਲਈ ਖਾਸ ਤੌਰ 'ਤੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸੁਖਬੀਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਰਾਇਪੇਰੀਅਨ ਸਿਧਾਂਤ 'ਤੇ ਸਟੈਂਡ ਲੈਣ ਨੂੰ ਦਿਲੋਂ ਪੂਰੀ ਤਰ੍ਹਾਂ ਸਮਰਥਨ ਦਿੰਦਾ ਹੈ। ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੰਨਣਯੋਗ ਰਾਇਪੇਰੀਅਨ ਸਿਧਾਂਤ ਦੇ ਨਾਲ ਰਾਜ ਦੇ ਹਿੱਤਾਂ ਦੀ ਰੱਖਿਆ ਲਈ ਤੁਹਾਡੇ ਯਤਨਾਂ ਦਾ ਸਾਥ ਦੇਵਾਂਗੇ। ਐੱਸ. ਵਾਈ. ਐੱਲ. ਦੇ ਨਿਰਮਾਣ ਦਾ ਕੋਈ ਮਾਮਲਾ ਨਹੀਂ ਹੈ ਕਿਉਂਕਿ ਸਾਡੇ ਕੋਲ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਉਪਲਭਧ ਨਹੀਂ ਹੈ। ਬਾਦਲ ਨੇ ਕਿਹਾ ਕਿ ਦਰਿਆਈ ਪਾਣੀ ਦੀ ਵੰਡ ਅਤੇ ਕੇਂਦਰ ਦੀਆਂ ਸ਼ਕਤੀਆਂ ਦੇ ਮੁੱਦਿਆਂ 'ਤੇ ਫੈਸਲਾ ਲਿਆ ਜਾਣਾ ਉਨ੍ਹਾਂ ਦਲੀਲਾਂ ਦਾ ਹਿੱਸਾ ਹੈ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਰਨਸੰਗਠਨ ਐਕਟ 1966 ਦੇ ਪ੍ਰਸੰਗ ਦੀਆਂ ਵਿਵਸਥਾਵਾਂ ਨੂੰ ਚੁਣੌਤੀ ਦਿੰਦੇ ਹੋਏ ਉੱਚ ਅਦਾਲਤ ਸਾਹਮਣੇ ਪੇਸ਼ ਕੀਤੀਆਂ ਹਨ ।
ਸੁਖਬੀਰ ਨੇ ਕਿਹਾ ਕਿ ਪਹਿਲਾਂ ਤੋਂ ਹੀ ਪਾਣੀ ਤੇ ਮੁੱਦੇ 'ਤੇ ਅਤੇ ਨਾਲ ਹੀ ਆਪਣੀ ਰਾਜਧਾਨੀ ਚੰਡੀਗੜ੍ਹ ਦੇ ਆਪਣੇ ਕਾਨੂੰਨੀ ਤੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਾ ਕਰਕੇ ਪੰਜਾਬ ਨਾਲ ਵੱਡੀ ਪੱਧਰ 'ਤੇ ਬੇਨਿਸਾਫੀ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਰਾਇਪੇਰੀਅਨ ਸਿਧਾਂਤ 'ਤੇ ਡੱਟ ਕੇ ਪਹਿਰਾ ਦੇਣ। ਅਜਿਹਾ ਕਰਨ ਵਿਚ ਅਸੀਂ ਉਨ੍ਹਾਂ ਦੀ ਬਿਨਾਂ ਸ਼ਰਤ ਪੁਰਜ਼ੋਰ ਹਮਾਇਤ ਕਰਾਂਗੇ।