ਪਟਿਆਲਾ ''ਚ ਸਵਾਈਨ ਫਲੂ ਨਾਲ ਤੀਜੀ ਮੌਤ

Friday, Jan 18, 2019 - 06:59 PM (IST)

ਪਟਿਆਲਾ ''ਚ ਸਵਾਈਨ ਫਲੂ ਨਾਲ ਤੀਜੀ ਮੌਤ

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲੇ 'ਚ ਸਵਾਈਨ ਫਲੂ ਨਾਲ ਇਕ ਹੋਰ ਮੌਤ ਹੋ ਗਈ ਹੈ। ਇਸ ਤਰ੍ਹਾਂ ਜ਼ਿਲੇ ਵਿਚ ਸਵਾਈਨ ਫਲੂ ਨਾਲ ਹੋਣ ਵਾਲੀ ਇਹ ਤੀਜੀ ਮੌਤ ਹੈ। ਉਧਰ ਤਿੰਨ ਮਰੀਜ਼ ਹੋਰ ਸਵਾਈਨ ਫਲੂ ਨਾਲ ਪੀੜਤ ਪਾਏ ਗਏ ਹਨ। ਅੱਜ ਜ਼ਿਲੇ ਦੇ ਸਮਾਣਾ ਹਲਕੇ ਦੇ ਪਿੰਡ ਬਾਹਮਣਾ ਪੱਤੀ ਦੇ 39 ਸਾਲਾ ਵਿਅਕਤੀ ਦੀ ਮੌਤ ਸਵਾਈਨ ਫਲੂ ਨਾਲ ਹੋਈ ਹੈ। ਉਸਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਜ਼ਿਲਾ ਐਪੀਡੋਮੋਲੋਜਿਸਟ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 26 ਸ਼ੱਕੀ ਕੇਸ ਸਾਹਮਣੇ ਆਏ ਸਨ ਜਿਸ 'ਚੋਂ 19 ਕੇਸ ਪਾਜ਼ੀਟਿਵ ਪਾਏ ਗਏ ਹਨ। ਅੱਜ ਤਿੰਨ ਕੇਸ ਆਏ ਹਨ ਜਿਸ 'ਚੋਂ ਇਕ ਫਤਿਹਗੜ੍ਹ ਸਾਹਿਬ ਤੇ ਦੋ ਪਟਿਆਲਾ ਦੇ ਹਨ। ਦੋ ਮਰੀਜ਼ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਏ ਗਏ ਹਨ ਜਦਕਿ ਇਕ ਨੂੰ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪਟਿਆਲਾ ਜ਼ਿਲੇ ਵਿਚ ਇਸ ਤੋਂ ਪਹਿਲਾਂ ਰਾਜਪੁਰਾ ਹਲਕੇ ਦੀ ਇਕ ਮਹਿਲਾ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ ਸੀ। ਉਸਦੀ ਮੌਤ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਹੋਈ ਸੀ। ਇਸੇ ਤਰ੍ਹਾਂ ਸ਼ੁਤਰਾਣਾ ਹਲਕੇ ਦੀ ਮਹਿਲਾ ਦੀ ਮੌਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹੋਈ ਸੀ। ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਸ ਵੇਲੇ 4 ਮਰੀਜ਼ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ।


author

Gurminder Singh

Content Editor

Related News