ਟਰਾਈਸਿਟੀ ਦੀ ਤਰਜ਼ ''ਤੇ ਪਟਿਆਲਾ ''ਚ ਨਾਈਟ ਸਵੀਪਿੰਗ ਸ਼ੁਰੂ

Monday, Jan 29, 2018 - 07:57 AM (IST)

ਪਟਿਆਲਾ  (ਰਾਜੇਸ਼, ਬਲਜਿੰਦਰ) - ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਟਰਾਈਸਿਟੀ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੀ ਤਰਜ਼ 'ਤੇ ਨਾਈਟ ਸਵੀਪਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਆਧੁਨਿਕ ਤਰੀਕੇ ਨਾਲ ਸ਼ਹਿਰ ਦੀ ਸਫਾਈ ਮੁਹਿੰਮ ਦੀ ਸ਼ੁਰੂਆਤ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਲਾ ਚੌਕ ਤੋਂ ਕੀਤੀ। ਉਨ੍ਹਾਂ ਨੇ ਵੈਕਿਊਮ ਸਵੀਪਿੰਗ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਪਟਿਆਲਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਨਾਈਟ ਸਵੀਪਿੰਗ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਸਵੇਰ ਹੋਣ ਤੱਕ ਸਮੁੱਚੇ ਸ਼ਹਿਰ ਦੀ ਸਫਾਈ ਹੋ ਚੁੱਕੀ ਹੋਵੇ, ਜਦੋਂ ਸਵੇਰੇ ਲੋਕ ਉਠਣ ਤਾਂ ਸ਼ਹਿਰ ਦੇ ਕਿਸੇ ਕੋਨੇ ਵਿਚ ਵੀ ਗੰਦਗੀ ਨਾ ਦਿਖਾਈ ਦੇਵੇ। ਉਨ੍ਹਾਂ ਦੱਸਿਆ ਕਿ ਭਲਕੇ ਕੇਂਦਰ ਸਰਕਾਰ ਤੋਂ ਸ਼ਹਿਰ ਦੀ ਸਫਾਈ ਰੈਂਕਿੰਗ ਨੂੰ ਲੈ ਕੇ ਟੀਮਾਂ ਵੀ ਪਹੁੰਚ ਰਹੀਆਂ ਹਨ। ਉਸ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸ਼ਹਿਰ ਨੂੰ ਸਾਫ ਕੀਤਾ ਜਾਵੇ।
ਹੁਣ ਤੱਕ ਸ਼ਹਿਰ ਵਿਚ ਹੱਥਾਂ ਨਾਲ ਹੀ ਸਫਾਈ ਹੁੰਦੀ ਸੀ ਪਰ ਪਹਿਲੀ ਵਾਰ ਇਸ ਮਸ਼ੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਅਲੱਗ-ਅਲੱਗ ਹਿੱਸਿਆਂ ਵਿਚ ਵੰਡ ਕੇ ਸਫਾਈ ਕੀਤੀ ਜਾਵੇਗੀ। ਵੈਕਿਊਮ ਸਵੀਪਿੰਗ ਮਸ਼ੀਨ ਦੇ ਨਾਲ-ਨਾਲ ਸਮੁੱਚੇ ਸਫਾਈ ਸੇਵਕਾਂ ਵੱਲੋਂ ਵੀ ਦਿਨ-ਰਾਤ ਇਕ ਕਰ ਕੇ ਸ਼ਹਿਰ ਦੀ ਸਫਾਈ ਕੀਤੀ ਜਾ ਰਹੀ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਬਣੇ ਡੰਪਿੰਗ ਵਾਲੀਆਂ ਥਾਵਾਂ ਤੋਂ ਵੀ ਗੰਦਗੀ ਨੂੰ ਸਾਫ ਕੀਤਾ ਜਾ ਰਿਹਾ ਹੈ।
ਮੇਅਰ ਬਿੱਟੂ ਨੇ ਕਿਹਾ ਕਿ ਸ਼ਹਿਰ ਦੇ ਲੋਕ ਵੀ ਇਸ ਮੁਹਿੰਮ ਨੂੰ ਸਿਰੇ ਚੜ੍ਹਾਉਣ ਵਿਚ ਨਗਰ ਨਿਗਮ ਦਾ ਸਾਥ ਦੇਣ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਸਿਰੇ ਨਹੀਂ ਚੜ੍ਹ ਸਕਦੀ। ਮੇਅਰ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵੱਲੋਂ ਸਾਫ ਤੌਰ 'ਤੇ ਹਦਾਇਤਾਂ ਜਾਰੀ ਹਨ ਕਿ ਸ਼ਹਿਰ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸ਼ੁਰੂਆਤੀ ਦੌਰ ਵਿਚ ਸਾਡੀ ਕੋਸ਼ਿਸ਼ ਹੈ ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ, ਉਨ੍ਹਾਂ ਵਿਚ ਸਫਾਈ ਸਭ ਤੋਂ ਅਹਿਮ ਚੀਜ਼ ਹੈ। ਉਸ ਤੋਂ ਬਾਅਦ ਪਾਣੀ, ਬਿਜਲੀ ਤੇ ਸੀਵਰੇਜ ਦੀ ਸਫਾਈ ਅਹਿਮ ਚੀਜ਼ਾਂ ਹਨ, ਜਿਨ੍ਹਾਂ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਕੈਨਾਲ ਬੇਸਡ ਟਰੀਟਮੈਂਟ ਪਲਾਂਟ ਲਈ 782 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨਾਲ ਪਟਿਆਲਾ ਸ਼ਹਿਰ ਦੀ ਪਾਣੀ ਦੀ ਕਿੱਲਤ ਹਮੇਸ਼ਾ ਲਈ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 1000 ਕਰੋੜ ਵਿਚ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਸਮੁੱਚੀਆਂ ਸਹੂਲਤਾਂ ਪਟਿਆਲਵੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਅਤੁਲ ਜੋਸ਼ੀ, ਅਰਬਨ ਸੂਦ ਰਿੰਕੂ, ਅਨਿਲ ਮੌਦਗਿਲ, ਵਿਜੇ ਗੁਪਤਾ, ਵਿਜੇ ਕੁਮਾਰ ਕੂਕਾ, ਹਰੀਸ਼ ਕਪੂਰ, ਨਿਗਮ ਦੇ ਹੈਲਥ ਅਫਸਰ ਡਾ. ਸੁਦੇਸ਼ ਪ੍ਰਤਾਪ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News