''ਸਵਾਮੀਨਾਥਨ ਰਿਪੋਰਟ'' ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ

Tuesday, Feb 05, 2019 - 04:55 PM (IST)

''ਸਵਾਮੀਨਾਥਨ ਰਿਪੋਰਟ'' ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ

ਚੰਡੀਗੜ੍ਹ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ 'ਸਵਾਮੀਨਾਥਨ ਰਿਪੋਰਟ' ਨੂੰ ਲਾਗੂ ਕਰਨ ਜਾ ਰਹੀ ਹੈ। ਸਵਾਮੀਨਾਥਨ ਰਿਪੋਰਟ ਨੂੰ ਰਾਜ ਸਰਕਾਰ ਨਹੀਂ, ਸਗੋਂ ਕੇਂਦਰ ਸਰਕਾਰ ਹੀ ਲਾਗੂ ਕਰ ਸਕਦੀ ਹੈ, ਇਸ ਬਾਰੇ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਵੀ ਇਕ ਤਰੀਕਾ ਕੱਢਿਆ ਗਿਆ ਹੈ ਜਿਵੇਂ ਕਿ ਸਵਾਮੀਨਾਥਨ ਰਿਪੋਰਟ ਦੇ ਆਧਾਰ 'ਤੇ ਕਿਸੇ ਫਸਲ ਦਾ ਭਾਅ 150 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਕੇਂਦਰ ਸਰਕਾਰ ਉਸ 'ਤੇ 122 ਰੁਪਏ ਐੱਮ. ਐੱਸ. ਪੀ. ਦੇ ਰਹੀ ਹੈ ਤਾਂ ਜਿਹੜਾ 28 ਰੁਪਏ ਦਾ ਫਰਕ ਹੈ, ਉਹ ਦਿੱਲੀ ਦੀ ਸਰਕਾਰ ਬੋਨਸ ਦੇ ਰੂਪ 'ਚ ਦੇਵੇਗੀ।

ਉਨ੍ਹਾਂ ਕਿਹਾ ਕਿ ਇਸ ਨਾਲ ਦਿੱਲੀ ਦੇ ਕਿਸਾਨਾਂ ਨੂੰ 800-900 ਰੁਪਏ ਪ੍ਰਤੀ ਕੁਇੰਟਲ ਦਾ ਫਾਇਦਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਬਜਟ 'ਚ ਦਿੱਲੀ ਦੀ ਸਰਕਾਰ ਵਲੋਂ ਇਸ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ 'ਚ 80 ਹਜ਼ਾਰ ਏਕੜ ਜ਼ਮੀਨ ਹੈ, ਜਿਸ 'ਤੇ ਖੇਤੀ ਕੀਤੀ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਦੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਵੀ ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਗੱਲਬਾਤ ਹੋ ਚੁੱਕੀ ਹੈ।


author

Babita

Content Editor

Related News