ਸਵੱਛ ਭਾਰਤ ਮੁਹਿੰਮ ਦੀ ਸਾਹਨੇਵਾਲ ’ਚ ਨਿਕਲੀ ਫੂਕ
Thursday, Aug 23, 2018 - 06:01 AM (IST)

ਸਾਹਨੇਵਾਲ, (ਹਨੀ)- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਵੱਛ ਭਾਰਤ ਦੇ ਨਾਂ ਹੇਠ ਸਫਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਹਰ ਸ਼ਹਿਰ, ਹਰ ਪਿੰਡ ਤੇ ਹਰ ਕਸਬੇ ’ਚ ਸਵੱਛ ਭਾਰਤ ਬਣਾਉਣ ਦੀ ਮੁਹਿੰਮ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਸਾਹਨੇਵਾਲ ਕਸਬੇ ’ਚ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਕਿ ਸਾਹਨੇਵਾਲ ਨਗਰ ਕੌਂਸਲ ਦੇ ਅਧੀਨ ਆਉਂਦੇ ਵਾਰਡ ਨੰ. 6 ਦੇ ਰਾਮਗਡ਼੍ਹ ਚੌਕ ਦੇ ਨਜ਼ਦੀਕ ਇਕ ਪਏ ਖਾਲੀ ਪਲਾਟ ’ਚ ਗੰਦਗੀ ਦੇ ਲੱਗੇ ਢੇਰਾਂ ਤੋਂ ਆਮ ਜਨਤਾ ਡਾਢੀ ਪ੍ਰੇਸ਼ਾਨ ਹੈ। ਮਿਲੀ ਜਾਣਕਾਰੀ ਅਨੁਸਾਰ ਕਸਬਾ ਸਾਹਨੇਵਾਲ ਦੇ ਵਾਸੀਆਂ ਨੇ ਦੱਸਿਆ ਕਿ ਸਾਹਨੇਵਾਲ ਰਾਮਗਡ਼੍ਹ ਚੌਕ ਦੇ ਨੇਡ਼ੇ ਇਕ ਪਏ ਖਾਲੀ ਪਲਾਟ ’ਚ ਲੱਗੇ ਗੰਦਗੀ ਦੇ ਢੇਰਾਂ ਤੋਂ ਐਨੀ ਬਦਬੂ ਉਠ ਰਹੀ ਹੈ ਕਿ ਲੰਘਣ ਵਾਲੇ ਹਰ ਇਕ ਨਾਗਰਿਕ ਨੂੰ ਆਪਣਾ ਨੱਕ ਬੰਦ ਕਰ ਕੇ ਉਥੋਂ ਲੰਘਣਾ ਪੈਂਦਾ ਹੈ। ਕਸਬਾ ਵਾਸੀਆਂ ਨੇ ਦੱਸਿਆ ਕਿ ਇਸ ਲੱਗੇ ਗੰਦਗੀ ਦੇ ਢੇਰ ਨੂੰ ਚੁਕਵਾਉਣ ਲਈ ਸਾਹਨੇਵਾਲ ਨਗਰ ਕੌਂਸਲ ਦੇ ਦਫਤਰ ਵਿਖੇ ਕਈ ਵਾਰ ਫਰਿਆਦ ਕਰ ਚੁੱਕੇ ਹਾਂ ਪਰ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਮੌਜੂਦਾ ਕੌਂਸਲਰ ਵੱਲੋਂ ਇਨ੍ਹਾਂ ਢੇਰਾਂ ਨੂੰ ਚੁਕਵਾਉਣ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ ਗਿਆ। ਇਨ੍ਹਾਂ ਕਸਬਾ ਵਾਸੀਆਂ ਨੇ ਅੱਗੇ ਦੱਸਿਆ ਕਿ ਬਰਸਾਤੀ ਮੌਸਮ ਹੋਣ ਕਾਰਨ ਸਿਹਤ ਵਿਭਾਗ ਆਪਣੇ ਘਰਾਂ ਤੇ ਆਸ-ਪਾਸ ਦੇ ਇਲਾਕੇ ਵਿਚ ਸਫਾਈ ਰੱਖਣ ਦੇ ਰਾਗ ਅਲਾਪ ਰਿਹਾ ਹੈ ਤਾਂ ਜੋ ਇਸ ਗੰਦਗੀ ਦੇ ਢੇਰਾਂ ਤੋਂ ਕੋਈ ਭਿਆਨਕ ਬੀਮਾਰੀ ਨਾ ਫੈਲ ਸਕੇ। ਇੱਥੇ ਇੰਝ ਜਾਪਦਾ ਹੈ ਕਿ ਸਿਹਤ ਵਿਭਾਗ ਦੇ ਮਹਿਕਮੇ ਵੱਲੋਂ ਵੀ ਸਫਾਈ ਰੱਖਣ ਦੇ ਅਲਾਪੇ ਜਾ ਰਹੇ ਰਾਗ ਵੀ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।
ਇਲਾਕਾ ਨਿਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਾਹਨੇਵਾਲ ਰਾਮਗਡ਼੍ਹ ਚੌਕ ਨੇਡ਼ੇ ਲੱਗੇ ਗੰਦਗੀ ਦੇ ਢੇਰ ਨੂੰ ਚੁਕਵਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ’ਚ ਇਸ ਗੰਦਗੀ ਦੇ ਲੱਗੇ ਢੇਰ ਤੋਂ ਕੋਈ ਭਿਆਨਕ ਬੀਮਾਰੀ ਨਾ ਫੈਲ ਸਕੇ।