ਹੜ੍ਹ ਦਾ ਕਹਿਰ: ਅੱਧੀ ਰਾਤ ਨੂੰ ਟੁੱਟੇ ਪੰਜਢੇਰਾਂ ਅਤੇ ਮੀਂਓਵਾਲ ਪਿੰਡ ਦੇ ਬੰਨ੍ਹ

08/20/2019 9:45:50 AM

ਫਿਲੌਰ/ਅੱਪਰਾ (ਭਾਖੜੀ, ਗੁੰਬਰ, ਦੀਪਾ)—ਬੀਤੇ ਦਿਨ ਸਵੇਰ ਤੋਂ ਹੀ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ 'ਚ ਪੁੱਜ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਵਿਚ ਲੱਗੇ ਹੋਏ ਸਨ। ਜਿਵੇਂ ਹੀ ਰਾਤ 11 ਵਜੇ ਭਾਖੜਾ ਡੈਮ ਤੋਂ ਛੱਡਿਆ ਲੱਖਾਂ ਕਿਊਸਿਕ ਪਾਣੀ ਸਤਲੁਜ ਦਰਿਆ 'ਚ ਦਾਖਲ ਹੋਇਆ ਤਾਂ ਦਰਿਆ ਪੂਰੀ ਤਰ੍ਹਾਂ ਸ਼ੂਕਣ ਲੱਗਾ। ਰਾਤ ਢਾਈ ਵਜੇ ਦੇ ਕਰੀਬ ਪਿੰਡ ਪੰਜਢੇਰਾਂ ਦੇ ਨੇੜੇ ਪੈਂਦਾ ਬੰਨ੍ਹ ਟੁੱਟ ਗਿਆ ਅਤੇ ਸਵੇਰੇ 4 ਵਜੇ ਮੀਓਂਵਾਲ ਦਾ ਬੰਨ੍ਹ ਟੁੱਟ ਗਿਆ, ਜਿਸ ਨਾਲ ਦਰਿਆ ਦਾ ਪਾਣੀ ਸਵੇਰ ਹੁੰਦੇ ਹੁੰਦੇ 30 ਪਿੰਡਾਂ 'ਚ ਦਾਖਲ ਹੋ ਗਿਆ। ਅਧਿਕਾਰੀਆਂ ਮੁਤਾਬਕ ਹੜ੍ਹ ਦੇ ਪਾਣੀ ਨਾਲ ਲੱਖਾਂ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਲੋਕਾਂ ਦੇ ਘਰਾਂ ਅਤੇ ਖੇਤਾਂ 'ਚ ਹੜ੍ਹ ਦਾ ਪਾਣੀ 5 ਤੋਂ 6 ਫੁੱਟ ਤੱਕ ਪੁੱਜਾ ਹੋਇਆ ਸੀ।

ਪ੍ਰਸ਼ਾਸਨ ਨੇ ਪਿੰਡ ਖਾਲੀ ਕਰਵਾਏ ਸਨ 18, ਹੜ੍ਹ ਦਾ ਪਾਣੀ ਪੁੱਜਾ 30 ਪਿੰਡਾਂ 'ਚ
ਸਥਾਨਕ ਪ੍ਰਸ਼ਾਸਨ ਨੇ ਹੜ੍ਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਫਿਲੌਰ ਤਹਿਸੀਲ 'ਚ ਪੈਂਦੇ 18 ਪਿੰਡ ਅਜਿਹੇ ਚੁਣੇ ਸਨ ਜਿੱਥੇ ਹੜ੍ਹ ਦਾ ਪਾਣੀ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਉੱਥੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਕੇ ਚੈਨ ਦਾ ਸਾਹ ਲਿਆ ਪਰ ਪ੍ਰਸ਼ਾਸਨ ਦੇ ਇਹ ਸਾਰੇ ਦਾਅਵੇ ਅਤੇ ਪ੍ਰਬੰਧ ਉਸ ਸਮੇਂ ਧਰੇ ਧਰਾਏ ਰਹਿ ਗਏ ਜਦੋਂ ਦਰਿਆ 'ਚ ਆਏ ਹੜ੍ਹ ਦੇ ਪਾਣੀ ਦੀ ਲਪੇਟ ਵਿਚ 30 ਪਿੰਡ ਆ ਗਏ, ਜਿਨ੍ਹਾਂ ਪਿੰਡਾਂ ਨੂੰ ਖਾਲੀ ਨਹੀਂ ਕਰਵਾਇਆ ਗਿਆ ਸੀ। ਉਹ ਲੋਕ ਆਪਣੇ ਘਰਾਂ 'ਚ ਫਸ ਗਏ, ਉਹ ਹੜ੍ਹ ਦੇ ਪਾਣੀ ਤੋਂ ਬਚਣ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਚਲੇ ਗਏ।

ਦਰਿਆ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖਮਿਆਜ਼ਾ ਭੁਗਤਣਾ ਪਿਆ ਪਿੰਡ ਵਾਸੀਆਂ ਨੂੰ
ਪਿੰਡ ਵਾਸੀ ਮਨਜੀਤ ਸਿੰਘ ਭੁੱਲਰ, ਅਮਰਜੀਤ ਸਿੰਘ ਅਤੇ ਜਤਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਮੀਓਂਵਾਲ ਵਿਚ ਖੁੱਲ੍ਹ ਕੇ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਹੁੰਦਾ ਰਿਹਾ ਹੈ। ਦਰਿਆ 'ਤੇ ਚੱਲ ਰਹੇ ਇਸ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਦੀ ਪਿੰਡ ਵਾਸੀਆਂ ਨੇ ਵੀਡੀਓ ਫਿਲਮ ਤਿਆਰ ਕਰ ਕੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਜਲੰਧਰ ਅਤੇ ਐੱਸ. ਡੀ. ਐੱਮ. ਫਿਲੌਰ ਨੂੰ ਭੇਜ ਕੇ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ ਕਿ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਨਾ ਰੋਕਿਆ ਗਿਆ ਤਾਂ ਦਰਿਆ 'ਚ ਪਾਣੀ ਦਾ ਪੱਧਰ ਵਧਦੇ ਹੀ ਬੰਨ੍ਹ ਟੁੱਟ ਸਕਦਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਖਮਿਆਜ਼ਾ ਅੱਜ 30 ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪਿਆ। ਜਿੱਥੇ ਨਾਜਾਇਜ਼ ਮਾਈਨਿੰਗ ਚਲਦੀ ਸੀ ਉੱਥੋਂ ਬੰਨ੍ਹ ਟੁੱਟਾ ਹੈ, ਜਿਸ ਨਾਲ ਪਾਣੀ ਤੇਜ਼ੀ ਨਾਲ ਪਿੰਡਾਂ 'ਚ ਦਾਖਲ ਹੋਇਆ।

ਐੱਸ. ਐੱਸ. ਪੀ. ਮਾਹਲ ਨੇ ਰੈਸਕਿਊ ਕਰ ਕੇ ਲੋਕਾਂ ਨੂੰ ਪਹੁੰਚਾਇਆ ਸੁਰੱਖਿਅਤ ਥਾਵਾਂ 'ਤੇ
ਬੰਨ੍ਹ ਦੇ ਟੁੱਟਣ ਦੀ ਸੂਚਨਾ ਮਿਲਦੇ ਹੀ ਅੱਧੀ ਰਾਤ ਨੂੰ ਐੱਸ. ਐੱਸ. ਪੀ. ਜਲੰਧਰ ਨਵਜੋਤ ਮਾਹਲ ਉੱਚ ਅਧਿਕਾਰੀਆਂ ਦੇ ਨਾਲ ਫਿਲੌਰ ਪੁੱਜੇ ਅਤੇ ਖੁਦ ਡੀ. ਐੱਸ. ਪੀ. ਸਰਬਜੀਤ ਰਾਏ ਦੇ ਨਾਲ ਮਿਲ ਕੇ ਕਿਸ਼ਤੀ ਵਿਚ ਸਵਾਰ ਹੋ ਕੇ ਸਵੇਰ ਤੱਕ ਘਰਾਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਵਿਚ ਜੁਟੇ ਰਹੇ।

ਧੁੱਸੀ ਬੰਨ੍ਹ 'ਚ ਦਰਾੜ ਆਉਣ ਨਾਲ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ ਮਚੀ ਹਫੜਾ-ਦਫੜੀ
ਦੁਪਹਿਰ 2 ਵਜੇ ਜਿਵੇਂ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਸਤਲੁਜ ਦਰਿਆ ਦੇ ਸਭ ਤੋਂ ਪ੍ਰਮੁੱਖ ਧੁੱਨੀ ਬੰਨ੍ਹ 'ਚ ਦਰਾੜ ਆ ਚੁੱਕੀ ਹੈ ਤਾਂ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਡਿਪਟੀ ਕਮਿਸ਼ਨਰ ਜਲੰਧਰ ਨੇ ਤੁਰੰਤ ਫਿਲੌਰ ਪੁੱਜ ਕੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਦੂਜੇ ਹੋਰ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਕੰਮ 'ਚ ਜਲਦ ਜੁਟਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਸਿਵਲ ਸਰਜਨ ਜਲੰਧਰ ਨੂੰ ਵੀ ਹਸਪਤਾਲ ਖਾਲੀ ਰੱਖਣ ਅਤੇ ਹਸਪਤਾਲ 'ਚ ਆਕਸੀਜਨ ਸਿਲੰਡਰ ਤੋਂ ਇਲਾਵਾ ਜ਼ਰੂਰੀ ਦਵਾਈਆਂ ਅਤੇ 24 ਘੰਟੇ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਰੱਖਣ ਦੇ ਨਿਰਦੇਸ਼ ਦਿੱਤੇ।


Shyna

Content Editor

Related News