ਪਾਣੀ ਨੇ 14 ਵਾਰ ਤੋੜੇ ਸਤਲੁਜ ਦਰਿਆ ਦੇ ਕੰਢੇ
Friday, Aug 23, 2019 - 03:52 PM (IST)
ਚੰਡੀਗੜ੍ਹ (ਬਿਊਰੋ) : ਸਤਲੁਜ ਦਰਿਆ ਹੁਣ ਤੱਕ 14 ਵਾਰ ਆਪਣੇ ਕਿਨਾਰਿਆਂ ਨੂੰ ਤਹਿਸ-ਨਹਿਸ ਕਰ ਚੁੱਕਿਆ ਹੈ, ਇਸ ਕਾਰਨ ਦਰਿਆ ਦਾ ਹਜ਼ਾਰਾਂ ਕਿਊਸਿਕ ਪਾਣੀ ਖੇਤਾਂ ਦੇ ਨਾਲ-ਨਾਲ ਘਰਾਂ 'ਚ ਵੀ ਵੜ ਚੁੱਕਿਆ ਹੈ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਹੜ੍ਹਾਂ ਕਾਰਨ ਹੁਣ ਤੱਕ ਕਰੀਬ 30 ਹਜ਼ਾਰ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਦੋਂਕਿ ਲਗਭਗ 108 ਪਿੰਡਾਂ ਦੀ ਫਸਲ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕੀ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਇਸ ਗੰਭੀਰ ਕੁਦਰਤੀ ਕਰੋਪੀ ਨਾਲ ਨਿੱਬੜਨ ਲਈ ਫੌਜ ਦੀ ਮਦਦ ਲਈ ਹੈ ਪਰ ਵਧੇ ਹੋਏ ਜਲ ਪੱਧਰ ਦੇ ਕਾਰਨ ਸਥਿਤੀਆਂ ਮੁਸ਼ਕਲ ਬਣੀਆਂ ਹੋਈਆਂ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਕਈ ਪਿੰਡਾਂ 'ਚ ਵਧਿਆ ਹੋਇਆ ਜਲ ਪੱਧਰ ਚੁਣੌਤੀ ਬਣਿਆ ਹੋਇਆ ਹੈ। ਅਜਿਹੇ 'ਚ ਜਲ ਪੱਧਰ ਘਟਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕਿ ਨੁਕਸਾਨ ਦਾ ਜਾਇਜ਼ਾ ਲੈ ਕੇ ਲੋਕਾਂ ਤੱਕ ਆਰਥਿਕ ਮਦਦ ਪਹੁੰਚਾਈ ਜਾ ਸਕੇ।
ਦੱਸਣਯੋਗ ਹੈ ਕਿ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਹੁਣ ਤਾਂ ਘੱਟ ਗਿਆ ਹੈ ਅਤੇ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ 'ਚ ਥੱਲੇ ਉੱਤਰ ਜਾਣ ਤੋਂ ਬਾਅਦ ਤਹਾਹਗੀ ਦੇ ਨਿਸ਼ਾਨ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਪਾਣੀ ਘੱਟ ਹੁੰਦੇ ਹੀ ਲੋਕ ਮੁੜ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਘਰਾਂ ਵੱਲ ਮੁੜਨੇ ਸ਼ੁਰੂ ਹੋ ਗਏ ਹਨ। ਹੜ੍ਹ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਸਾਮਾਨ ਕੱਢਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਉਨ੍ਹਾਂ ਦੇ ਘਰ ਦਾ ਪੂਰਾ ਸਾਮਾਨ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਦੇ ਘਰਾਂ 'ਚ ਖਾਣ ਲਈ ਅਨਾਜ ਦਾ ਇਕ ਵੀ ਦਾਣਾ ਨਹਹੀਂ ਬਚਿਆ ਜੋ ਫਸਲ ਅਤੇ ਸਬਜ਼ੀਆਂ ਖੇਤਾਂ 'ਚ ਲਾਈਆਂ ਸਨ, ਉਹ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀਆਂ ਹਨ।
ਦੂਜੇ ਪਾਸੇ ਇਸ ਦੁੱਖ ਦੀ ਘੜੀ 'ਚ ਏਕਤਾ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਲਈ ਸੇਵਾ ਵੀ ਕੀਤੀ ਜਾ ਰਹੀ ਹੈ।