ਸਤਲੁਜ ਦਰਿਆ ’ਚ ਰੁੜ ਕੇ ਪਾਕਿ ਪਹੁੰਚੇ ਨੌਜਵਾਨਾਂ ਨੂੰ ਲੈਣ ਲਈ ਹੂਸੈਨੀ ਵਾਲਾ ਬਾਰਡਰ ਪੁੱਜਿਆ ਪਰਿਵਾਰ
Wednesday, Aug 02, 2023 - 06:05 PM (IST)
ਸਿੱਧਵਾਂ ਬੇਟ (ਚਾਹਲ) : ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੈਹਿਰਾ ਮੁਸਤਰਕਾ ਥਾਣਾ ਮਹਿਤਪੁਰ ਨੂੰ ਲੈਣ ਲਈ ਪਰਿਵਾਰਿਕ ਮੈਂਬਰ ਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਅੱਜ ਹੂਸੈਨੀ ਵਾਲਾ ਬਾਰਡਰ ’ਤੇ ਪੁੱਜ ਗਈਆਂ। ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਤੇ ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ ਨੇ ਦੱਸਿਆ ਕਿ ਨੌਜਵਾਨਾਂ ਦੀ ਪਾਕਿ ਤੋਂ ਰਿਹਾਈ ਲਈ ਉਨ੍ਹਾਂ ਦੀ 3 ਦਿਨ ਪਹਿਲਾਂ ਬੀ. ਐੱਸ. ਐੱਫ. ਦੇ ਕਮਾਂਡਰ ਨਾਲ ਗੱਲ ਹੋਈ ਸੀ ਜਿਸ ਨੇ ਸਾਨੂੰ ਦੱਸਿਆ ਸੀ ਕਿ ਭਾਰਤੀ ਫੌਜ ਦੀ ਪਾਕਿ ਰੇਂਜਰਾਂ ਨਾਲ ਹੋਈ ਫਲੈਗ ਮੀਟਿੰਗ ਵਿਚ ਪਾਕਿ ਵਲੋਂ ਨੌਜਵਾਨਾਂ ਨੂੰ 2 ਅਗਸਤ ਨੂੰ ਬੀ. ਐੱਸ. ਐੱਫ. ਹਵਾਲੇ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ, ਜਿਨ੍ਹਾਂ ਨੂੰ ਹੂਸੈਨੀ ਵਾਲਾ ਬਾਰਡਰ ਰਾਹੀਂ ਵਾਪਸ ਲਿਆਦਾਂ ਜਾਵੇਗਾ।
ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਦੇ ਕਮਾਂਡਰ ਵਲੋਂ ਦਿੱਤੇ ਸਮੇਂ ਮੁਤਾਬਕ ਦੋਵੇਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਤੇ ਪਿੰਡਾਂ ਦੀਆਂ ਪੰਚਾਇਤਾਂ ਹੂਸੈਨੀ ਵਾਲਾ ਬਾਰਡਰ ਪੁੱਜ ਗਈਆਂ ਹਨ, ਜਿੱਥੇ ਅੱਜ ਫਿਰ ਸਾਡੀ ਬੀ. ਐੱਸ. ਐੱਫ. ਦੇ ਕਮਾਂਡਰ ਨਾਲ ਗੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਦੇ ਕਮਾਂਡਰ ਨੇ ਸਾਨੂੰ ਕਿਹਾ ਹੈ ਕਿ ਸ਼ਾਮ 5 ਵਜੇ ਹੂਸੈਨੀਵਾਲਾ ਦਾ ਬਾਰਡਰ ਖੁੱਲਦਾ ਹੈ, ਉਸ ਸਮੇਂ ਨੌਜਵਾਨਾਂ ਦੀ ਰਿਹਾਈ ਬਾਰੇ ਪਤਾ ਲੱਗੇਗਾ। ਸਰਪੰਚ ਜਸਵੀਰ ਸਿੰਘ ਜੱਸਾ ਨੇ ਕਿਹਾ ਕਿ ਜੇਕਰ ਅੱਜ ਪਾਕਿ ਰੇਂਜਰ ਨੌਜਵਾਨਾਂ ਨੂੰ ਹੂਸੈਨੀ ਵਾਲਾ ਬਾਰਡਰ ਵਿਖੇ ਲੈ ਕੇ ਆਏ ਤਾਂ ਉਨ੍ਹਾਂ ਨੂੰ ਪਰਿਵਾਰਾਂ ਦੇ ਸਪੁਰਦ ਕੀਤੀ ਜਾਣ ਦੀ ਪੂਰੀ ਸੰਭਾਵਨਾ ਹੈ।