ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਦੀ ਚਿੰਤਾ ਵਧੀ

Wednesday, Aug 16, 2023 - 05:08 PM (IST)

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਦੀ ਚਿੰਤਾ ਵਧੀ

ਧਰਮਕੋਟ (ਅਕਾਲੀਆਂ ਵਾਲਾ) : ਇਲਾਕੇ ਵਿਚ ਲੰਘਦੇ ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਇਕ ਵਾਰ ਫਿਰ ਵਧਣ ਲੱਗਾ ਹੈ, ਜਿਸ ਕਾਰਨ ਲੋਕਾਂ ਵਿਚ ਇਕ ਵਾਰ ਫਿਰ ਚਿੰਤਾ ਦਾ ਹੜ੍ਹ ਆ ਗਿਆ ਹੈ। ਅਜੇ ਪਹਿਲਾਂ ਵਾਲੀ ਸਥਿਤੀ ਤੋਂ ਲੋਕ ਉੱਭਰੇ ਨਹੀਂ ਸਨ ਕਿ ਕੁਝ ਕੁ ਦਿਨਾਂ ਦੇ ਵਕਫੇ ਬਾਅਦ ਸਤਲੁਜ ਦੇ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਰਿਆ ਦਿਲੀ ਸੀ ਕਿ ਉਨ੍ਹਾਂ ਨੇ ਪਹਿਲੇ ਪਾਣੀ ਦੇ ਨਾਲ ਮਰੀਆਂ ਹੋਈਆਂ ਫਸਲਾਂ ਲਈ ਸੂਬੇ ਭਰ ਵਿਚ ਪਨੀਰੀਆਂ ਬੀਜੀਆਂ ਸਨ ਪਰ ਦਰਿਆ ਵਿਚ ਪਾਣੀ ਆਉਣ ਦੀਆਂ ਹਦਾਇਤਾਂ ਅਤੇ ਸਤਲੁਜ ਦਰਿਆ ਵਿਚ ਜ਼ਮੀਨ ਢੁੱਕਵੀਂ ਜ਼ਮੀਨ ਨਾ ਬਣਨ ਕਰਕੇ ਨਵੇਂ ਸਿਰੇ ਤੋਂ ਝੋਨੇ ਦੀ ਬਿਜਾਈ ਨਹੀਂ ਕੀਤੀ ਗਈ, ਨਾ ਹੀ ਉਦਮੀ ਲੋਕਾਂ ਵੱਲੋਂ ਬੀਜੀ ਗਈ ਪਨੀਰੀ ਬਹੁਤੀ ਵਰਤੋਂ ਵਿਚ ਆਈ ਹੈ, ਜਿੱਥੇ ਕਿਤੇ ਢੁੱਕਵੀਂ ਜ਼ਮੀਨ ਸੀ ਜ਼ਮੀਨਾਂ ਵਿਚ ਕਿਸਾਨਾਂ ਨੇ ਨਵੇਂ ਸਿਰੇ ਤੋਂ ਝੋਨੇ ਦੀ ਬਿਜਾਈ ਕੀਤੀ ਸੀ, ਪਰੰਤੂ ਫਿਰ ਦਰਿਆ ਦੇ ਪਾਣੀ ਨੇ ਉਨ੍ਹਾਂ ਦੀ ਫਸਲ ਨਸ਼ਟ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਬੇਸ਼ੱਕ ਪਾਣੀ ਦਾ ਪੱਧਰ ਦਰਿਆ ਵਿਚ ਘਟਿਆ ਸੀ ਪਰੰਤੂ ਫਿਰ ਵੀ ਦਰਿਆ ਅਤੇ ਨੀਵੇਂ ਥਾਂਵਾਂ ’ਤੇ ਪਾਣੀ ਵਗਦਾ ਰਿਹਾ, ਮੁੜ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ, ਜਿਸ ਕਰ ਕੇ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਨਹੀਂ ਕੀਤੀ ਗਈ। ਬਾਅਦ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਜਾਣ ਕਾਰਨ ਕੰਮ ਦੇ ਚਾਰ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਸੀ, ਜਿਸ ਸਦਕਾ ਸਤਲੁਜ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਸਤਲੁਜ ਦੇ ਕੰਢੇ ’ਤੇ ਵਸੇ ਪਿੰਡ ਸੰਘੇੜਾ ਦੇ ਆਲੇ-ਦੁਆਲੇ ਦਰਿਆ ਦਾ ਪਾਣੀ ਭਰ ਜਾਣ ਸਦਕਾ ਪਿੰਡ ਦੇ ਲੋਕਾਂ ਵਿਚ ਫਿਰ ਤੋਂ ਡਰ ਅਤੇ ਸਹਿਮ ਦਾ ਮਾਹੌਲ ਹੈ। ਸਰਪੰਚ ਸਰੂਪ ਸਿੰਘ ਨੇ ਦੱਸਿਆ ਕਿ ਹੁਣ ਸਤਲੁਜ ਦਾ ਪੱਧਰ ਵਧਣ ਕਾਰਨ ਪਿੰਡ ਅਤੇ ਆਸ ਪਾਣੀ ਮੁੜ ਭਰ ਗਿਆ ਹੈ।

ਸਥਿਤੀ ਘਬਰਾਉਣ ਵਾਲੀ ਨਹੀਂ, ਫਿਰ ਵੀ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ : ਲਾਡੀ ਢੋਸ

ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿਚ ਬਰਸਾਤ ਅਤੇ ਬੱਦਲ ਫ਼ਟਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ ਜਦਕਿ ਪੰਜਾਬ ਵਿਚ ਕੋਈ ਬਰਸਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਥਿਤੀ ਕੋਈ ਖਤਰੇ ਵਾਲੀ ਨਹੀਂ, ਪਰੰਤੂ ਫਿਰ ਵੀ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਕਿ ਉਹ ਸਮੇਂ-ਸਮੇਂ ’ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਲੋਕਾਂ ਨਾਲ ਸੰਪਰਕ ਵਿਚ ਰਹਿਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਲੋਕਾਂ ਦੀ ਸੇਵਾ ਕੀਤੀ ਹੈ। ਰੱਬ ਨਾ ਕਰੇ ਜੇਕਰ ਕੋਈ ਹਾਲਾਤ ਵਿਗੜਦੇ ਹਨ ਤਾਂ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੜ੍ਹਾਂ ਦੇ ਹੋਏ ਨੁਕਸਾਨ ਦੇ ਨਾਲ ਜਲਦੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸਰਕਾਰ ਨੇ ਪ੍ਰਬੰਧਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਆਮ ਆਦਮੀ ਪਾਰਟੀ ਦੇ ਵਾਲੰਟੀਅਰਜ਼ ਅਤੇ ਆਮ ਲੋਕ ਵੀ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ।

ਸਤਲੁਜ ਦੇ ’ਚ ਇਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ : ਤਹਿਸੀਲਦਾਰ ਗਿੱਲ

ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਸਤਲੁਜ ਪਹਿਲਾਂ ਆਏ ਹੜ੍ਹ ਤੋਂ ਬਾਅਦ 40000 ਹਜ਼ਾਰ ਕਿਊਸਿਕ ਪਾਣੀ ਚਲਦਾ ਰਿਹਾ। 15 ਅਗਸਤ ਨੂੰ ਤਿੰਨ ਵਜੇ ਤੱਕ ਇਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਦੱਸਿਆ ਕਿ ਪਹਿਲਾਂ ਆਏ ਹੜ੍ਹਾਂ ਨਾਲੋਂ ਪਾਣੀ ਅੱਧਾ ਹੈ ਫਿਰ ਵੀ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਹਿਮਾਚਲ ਵਿਚ ਬੱਦਲ ਫਟਣ ਕਰਕੇ ਇਹ ਸਥਿਤੀ ਪੈਦਾ ਹੋਈ ਹੈ ਉਮੀਦ ਹੈ ਕਿ ਆਉਂਦੇ ਦਿਨਾਂ ਤੱਕ ਹਾਲਾਤ ਪਹਿਲਾਂ ਵਰਗੇ ਹੋ ਜਾਣਗੇ। 

ਜਿਸ ਕਦਰ ਝੋਨੇ ਦੀ ਪਨੀਰੀ ਬੀਜੀ ਪਰ ਲੱਗਣੀ ਮੁਸ਼ਕਿਲ : ਖੇਤੀਬਾੜੀ ਅਧਿਕਾਰੀ

ਬਲਾਕ ਖੇਤੀਬਾੜੀ ਅਫਸਰ ਗੁਰਬਾਜ਼ ਸਿੰਘ ਅਤੇ ਗੁਰਸਾਹਿਬ ਸਿੰਘ ਸੰਧੂ ਖੇਤੀਬਾੜੀ ਵਿਕਾਸ ਅਫਸਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਨੀਰੀ ਮੁਹੱਈਆ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਵਿਭਾਗ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਭਾਈਚਾਰਕ ਸਾਂਝ ਦਿਖਾਉਂਦਿਆਂ ਵੱਡੇ ਪੱਧਰ ’ਤੇ ਪਨੀਰੀ ਦੀ ਬਿਜਾਈ ਕੀਤੀ ਗਈ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਕੋਟ ਈਸੇ ਖਾਂ ਵਿਖੇ ਹੜ੍ਹ ਪੀੜਤ ਕਿਸਾਨਾਂ ਨੂੰ ਪੀ.ਆਰ-126 ਕਿਸਮ ਝੋਨੇ ਦਾ ਬੀਜ ਮੁਫ਼ਤ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਬਲਾਕ ਕੋਟ ਈਸੇ ਖਾਂ ਵਿਚ 1400 ਏਕੜ ਵੱਖ-ਵੱਖ ਕਿਸਮਾਂ ਦੀ ਪਨੀਰੀ ਬੀਜੀ ਗਈ ਸੀ, ਜਦੋਂ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਦੇ ਵਿਚ 400 ਏਕੜ ਪਨੀਰੀ ਬੀਜੀ ਗਈ, ਜਿਸ ਕਦਰ ਪਨੀਰੀ ਦੀ ਬਿਜਾਈ ਕੀਤੀ ਗਈ ਉਸ ਕਦਰ ਹੁਣ ਜਿਹੜੇ ਹਾਲਾਤ ਦਿਖ ਰਹੇ ਹਨ ਪਨੀਰੀ ਲੱਗਣੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਹਾਲਾਤ ਆਮ ਵਰਗੇ ਹੋ ਜਾਂਦੇ ਹਨ ਤਾਂ ਕਿਸਾਨ ਝੋਨੇ ਦੀ ਜਗ੍ਹਾ, ਤੋਰੀਆ ਮੱਕੀ ਅਤੇ ਹਰੇ ਚਾਰੇ ਦੀਆਂ ਫਸਲਾਂ ਬੀਜਣ, ਜਿਸ ਨਾਲ ਉਨ੍ਹਾਂ ਨੂੰ ਕੋਈ ਨਾ ਕੋਈ ਰਾਹਤ ਮਿਲ ਸਕੇ।
 


author

Gurminder Singh

Content Editor

Related News